ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਜੂਨ
ਇਟਲੀ ਰਹਿ ਰਹੇ ਸਥਾਨਕ ਗੁਰੂ ਨਾਨਕ ਕਲੋਨੀ ਦੇ ਵਾਸੀ ਡਾ. ਮੁਹੰਮਦ ਅਸਲਮ ਨੇ ਆਪਣੀ ਪਿੰਡ ਮੁਹੰਮਦਪੁਰਾ ਵਿੱਚ ਚਾਰ ਵਿੱਘੇ ਜ਼ਮੀਨ ਤੋਂ ਕਥਿਤ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਏਡੀਜੀਪੀ (ਐੱਨਆਰਆਈ) ਵਿੰਗ ਨੂੰ ਪੱਤਰ ਲਿਖਿਆ ਹੈ।
ਉਹ ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ , ਪੁਲੀਸ ਅਤੇ ਸਿਵਲ ਪ੍ਰਸ਼ਾਸਨ ਕੋਲ ਫ਼ਰਿਆਦ ਕਰ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਮੁਹੰਮਦਪੁਰਾ ਦੇ ਮਰਹੂਮ ਮੁਹੰਮਦ ਇਕਬਾਲ ਖ਼ਾਂ ਦੀ ਪੁੱਤਰੀ ਮੁਸ਼ਰਫ ਨਾਲ ਹੋਇਆ ਸੀ। ਮੁਹੰਮਦਪੁਰਾ ਵਿੱਚ ਉਸ ਦੀ ਪਤਨੀ ਮਰਹੂਮ ਮੁਸ਼ਰਫ ਦੇ ਨਾਂ ਕਰੀਬ 4 ਵਿਘੇ ਜ਼ਮੀਨ ਸੀ। ਮੁਸ਼ਰਫ ਦੀ 2022 ਵਿੱਚ ਇਟਲੀ ਵਿੱਚ ਮੌਤ ਹੋ ਗਈ ਸੀ।
ਮੁਸ਼ਰਫ ਦੀ ਮੌਤ ਤੋਂ ਬਾਅਦ ਜ਼ਮੀਨ ਦਾ ਵਿਰਾਸਤੀ ਇੰਤਕਾਲ 24 ਨਵੰਬਰ 2022 ਨੂੰ ਉਸ ਦੇ ਦੋਵੇਂ ਪੁੱਤਰਾਂ ਅਤੇ ਉਸ (ਅਸਲਮ) ਦੇ ਨਾਂ ਮਨਜ਼ੂਰ ਹੋ ਗਿਆ ਸੀ। ਜ਼ਮੀਨ ‘ਤੇ ਉਸ ਦੇ ਇੱਕ ਰਿਸ਼ਤੇਦਾਰ ਨੇ ਨਾਜਾਇਜ਼ ਕਬਜ਼ਾ ਕਰ ਲਿਆ ਹੈ, ਜੋ ਕਬਜ਼ਾ ਨਹੀਂ ਛੱਡ ਰਿਹਾ। ਜਿਸ ਖਾਲ ਰਾਹੀਂ ਪਾਣੀ ਲੱਗਦਾ ਸੀ, ਉਸ ਖਾਲ ਨੂੰ ਵੀ ਕਿਸੇ ਗੁਆਂਢੀ ਖੇਤ ਵਾਲੇ ਨੇ ਵਾਹ ਦਿੱਤਾ ਹੈ। ਇਸ ਦੀ ਸ਼ਿਕਾਇਤ ਉਸ ਨੇ ਥਾਣਾ ਅਮਰਗੜ੍ਹ ਵਿੱਚ ਕੀਤੀ ਸੀ, ਪਰ ਮਾਮਲਾ ਜਿਉਂ ਦਾ ਤਿਉਂ ਪਿਆ ਹੈ।
ਥਾਣਾ ਅਮਰਗੜ੍ਹ ਦੇ ਏਐੱਸਆਈ ਗਿਆਨ ਪਾਲ ਸਿੰਘ ਨੇ ਦੱਸਿਆ ਕਿ ਏਐਸਆਈ ਸੀਸ਼ ਪਾਲ ਵੱਲੋਂ ਮੌਕਾ ਦੇਖਣ ‘ਤੇ ਜ਼ਮੀਨ ਵਿੱਚ ਨਾ ਤਾਂ ਖਾਲ ਦੇ ਤਾਜ਼ਾ ਵਾਹੁਣ ਜਾਂ ਪੁਰਾਣਾ ਹੋਣ ਦੇ ਵਜੂਦ ਦੀ ਕੋਈ ਨਿਸ਼ਾਨੀ ਨਜ਼ਰ ਨਹੀਂ ਆਈ। ਖਾਲ ਦੇ ਵਜੂਦ ਸਬੰਧੀ ਮਾਲ ਵਿਭਾਗ ਦਾ ਰਿਕਾਰਡ ਹੀ ਜਾਣਕਾਰੀ ਦੇ ਸਕਦਾ ਹੈ।