ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਜੂਨ
ਯੂਟੀ ਦੇ 11 ਸਰਕਾਰੀ ਕਾਲਜਾਂ ਤੇ ਪ੍ਰਾਈਵੇਟ ਕਾਲਜਾਂ ਦੇ ਅੰਡਰ-ਗਰੈਜੂਏਟ ਕੋਰਸਾਂ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 28 ਜੂਨ ਹੈ। ਕਾਲਜਾਂ ਦੇ 18 ਕੋਰਸਾਂ ਲਈ ਅੱਜ ਤਕ 19191 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਸ ਵਾਰ ਵਿਦਿਆਰਥੀਆਂ ਨੇ ਬੀਬੀਏ ਵਿਚ ਖਾਸੀ ਰੁਚੀ ਦਿਖਾਈ ਹੈ ਤੇ ਇੱਕ ਸੀਟ ‘ਚ ਦਾਖ਼ਲੇ ਲਈ ਲਗਪਗ ਅੱਠ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ ਜਦਕਿ ਦੋ ਦਿਨਾਂ ਵਿੱਚ ਦਰ ਹੋਰ ਵਧੇਗੀ। ਦੂਜੇ ਪਾਸੇ, ਵਿਦਿਆਰਥੀਆਂ ਨੇ ਬੀਐੱਸਸੀ ਨਾਨ -ਮੈਡੀਕਲ ਵਿਚ ਘੱਟ ਰੁਚੀ ਦਿਖਾਈ ਹੈ ਜਿਥੇ ਸੀਟਾਂ ਦੇ ਮੁਕਾਬਲੇ ਘੱਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਜਾਣਕਾਰੀ ਅਨੁਸਾਰ ਕਾਲਜਾਂ ਵਿਚ ਦਾਖ਼ਲਾ ਪ੍ਰਕਿਰਿਆ 9 ਜੂਨ ਤੋਂ ਸ਼ੁਰੂ ਹੋਈ ਸੀ ਤੇ ਇਹ ਦਾਖਲੇ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈਟੀ (ਸਪਿਕ) ਵੱਲੋਂ ਕਰਵਾਏ ਜਾ ਰਹੇ ਹਨ। ਉੱਚ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਚੰਡੀਗੜ੍ਹ ਮੋਬਾਈਲ ਐਪ ਵੀ ਜਾਰੀ ਕੀਤੀ ਹੈ। ਸਕੱਤਰੇਤ ਅਨੁਸਾਰ 18 ਕੋਰਸਾਂ ਲਈ ਅੱਜ ਤੱਕ ਕੁੱਲ 19191 ਦਰਖਾਸਤਾਂ ਆ ਚੁੱਕੀਆਂ ਹਨ। ਬੀ.ਕਾਮ ਦੀਆਂ 2310 ਸੀਟਾਂ ਲਈ ਹੁਣ ਤੱਕ 5485, ਬੀਸੀਏ ਦੀ 880 ਸੀਟਾਂ ਲਈ 4487, ਬੀਬੀਏ ਦੀ 520 ਸੀਟਾਂ ਲਈ 3972, ਬੀਸੀਸੀ (ਨਾਨ-ਮੈਡੀਕਲ) ਦੀਆਂ 1260 ਸੀਟਾਂ ਲਈ 932 ਅਤੇ ਬੀਐਸਸੀ ਮੈਡੀਕਲ ਲਈ 745 ਸੀਟਾਂ ਲਈ 1004 ਅਰਜ਼ੀਆਂ ਆਈਆਂ ਹਨ।