ਐਸ.ਏ.ਐਸ. ਨਗਰ (ਮੁਹਾਲੀ): ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਵੱਲੋਂ 60 ਅਤੇ 62 ਸਟਰੀਟ ਰੋਡ ਨਿਊਯਾਰਕ (ਅਮਰੀਕਾ) ਦੀ ਸੜਕ ਦਾ ਨਾਂ ਡਾ. ਬੀ.ਆਰ. ਅੰਬੇਦਕਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਦਾ ਉਦਘਾਟਨ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਹਾਲਾਂਕਿ, ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਆਪਣੇ ਹਲਕੇ ਮੁਹਾਲੀ ਦੇ ਸ਼ਹਿਰੀ ਖੇਤਰ ਅਤੇ ਕਈ ਨੇੜਲੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਬੰਗਾ ਨੇ ‘ਆਪ’ ਵਿਧਾਇਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਨੇ ਜ਼ਮੀਨੀ ਪੱਧਰ ਤੋਂ ਉੱਠ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਿਆਂ ਵੱਡਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੀ ਸੁਸਾਇਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਸੜਕ ਦਾ ਉਦਘਾਟਨ ਕੁਲਵੰਤ ਸਿੰਘ ਦੇ ਹੱਥੋਂ ਹੋਇਆ ਹੈ। ਉਨ੍ਹਾਂ ਇਹ ਉਮੀਦ ਜਤਾਈ ਕਿ ਭਵਿੱਖ ਵਿੱਚ ਕੁਲਵੰਤ ਸਿੰਘ ਘੱਟ-ਗਿਣਤੀ ਲੋਕਾਂ ਦੀ ਭਲਾਈ ਲਈ ਇਸ ਤਰ੍ਹਾਂ ਕਾਰਜ ਕਰਦੇ ਰਹਿਣਗੇ। -ਪੱਤਰ ਪ੍ਰੇਰਕ