ਸਾਡੇ ਬਾਰੇ
ਸਰਦਾਰ ਦਿਆਲ ਸਿੰਘ ਮਜੀਠੀਆ
ਟ੍ਰਿਬਿਊਨ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ। ਅੱਜ ਇਹ ਅਖ਼ਬਾਰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ। ‘ਟ੍ਰਿਬਿਊਨ’ ਉੱਤਰੀ ਭਾਰਤ ਦਾ ਪਹਿਲਾ ਅਖ਼ਬਾਰ ਸਮੂਹ ਹੈ ਜਿਸ ਨੂੰ ਇੱਕੋ ਸਮੇਂ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ (ਦੈਨਿਕ ਟ੍ਰਿਬਿਊਨ) ਭਾਸ਼ਾਵਾਂ ਵਿੱਚ ਅਖ਼ਬਾਰਾਂ ਛਾਪਣ ਦਾ ਮਾਣ ਹਾਸਲ ਹੈ। ਇਹ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਅਨੂਠਾ ਤਜਰਬਾ ਸੀ, ਜਿਸ ਨੇ ਪੱਤਰਕਾਰੀ ਨੂੰ ਨਰੋਈ ਸੇਧ ਦਿੱਤੀ ਹੈ। ‘ਟ੍ਰਿਬਿਊਨ’ ਨੇ ਪੱਤਰਕਾਰੀ ਦੇ ਪਿੜ ਵਿੱਚ ਉੱਚੀਆਂ ਤੇ ਸੁੱਚੀਆਂ ਰਵਾਇਤਾਂ ਕਾਇਮ ਰੱਖੀਆਂ ਹਨ। ‘ਟ੍ਰਿਬਿਊਨ’ ਸਮੂਹ ਵੱਲੋਂ ‘ਕੱਚ ਤੇ ਸੱਚ’ ਦੀ ਪਾਈ ਪਿਰਤ ਅੱਜ ਵੀ ਬਰਕਰਾਰ ਹੈ। ‘ਟ੍ਰਿਬਿਊਨ’ ਦੇ ਬਾਨੀ ਤੇ ਪੰਜਾਬ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸਜਦਾ ਕਰਨਾ ਬਣਦਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਬੌਧਿਕ ਸਾਂਚੇ ਵਿੱਚ ਢਾਲ ਕੇ ਇਸ ਨੂੰ ਲੋਕ ਸੇਵਾ ਹਿੱਤ ਅਰਪਿਤ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਮੰਤਵ ਉਦਾਰ-ਚਿਤ ਵਿੱਦਿਆ ਦਾ ਚਾਨਣ ਬਿਖੇਰ ਕੇ ਲੋਕਾਂ ਨੂੰ ਸੰਕੀਰਣਤਾ ਦੀਆਂ ਤੰਗ ਗਲੀਆਂ ਵਿੱਚੋਂ ਕੱਢਣਾ ਸੀ। ਸਰਦਾਰ ਮਜੀਠੀਆ ਵੱਲੋਂ ਲਾਇਆ ਗਿਆ ‘ਟ੍ਰਿਬਿਊਨ’ ਦਾ ਇਹ ਬੂਟਾ ਭਰਪੂਰ ਫ਼ਲਦਾਰ ਅਤੇ ਛਾਂਦਾਰ ਰੂਪ ਵਿੱਚ ਸਾਡੇ ਸਾਹਮਣੇ ਹੈ। ਇਸ ਦੀਆਂ ਦੋ ਹੋਰ ਹਰੀਆਂ-ਕਚੂਰ ਸ਼ਾਖਾਵਾਂ ‘ਪੰਜਾਬੀ ਟ੍ਰਿਬਿਊਨ’ ਤੇ ‘ਦੈਨਿਕ ਟ੍ਰਿਬਿਊਨ’ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੀਆਂ ਹੋਈਆਂ ਲੋਕਾਂ ਦਾ ਪੱਥ-ਪ੍ਰਦਰਸ਼ਕ ਸਾਬਤ ਹੋ ਰਹੀਆਂ ਹਨ। ‘ਟ੍ਰਿਬਿਊਨ’ ਨੂੰ ਇਹ ਵੀ ਮਾਣ ਹੈ ਕਿ ਇਸ ਨੇ ਆਜ਼ਾਦੀ ਸੰਗਰਾਮ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕੀਤੀ ਸੀ।
‘ਟ੍ਰਿਬਿਊਨ ਸਮੂਹ’ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਟਰੱਸਟ ਰਾਹੀਂ ਚਲਾਏ ਜਾ ਰਹੇ ਅਖ਼ਬਾਰ ਵਪਾਰਕ ਘਰਾਣਿਆਂ ਦੇ ਅਖ਼ਬਾਰਾਂ ਨਾਲੋਂ ਵਧੇਰੇ ਨਿਰਪੱਖ ਹੁੰਦੇ ਹਨ। ਖ਼ਬਰਾਂ ਤਾਂ ਇੱਕ ਪਾਸੇ, ‘ਟ੍ਰਿਬਿਊਨ’ ਨੇ ਉੱਚੀਆਂ ਤੇ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ ਅਜਿਹੇ ਇਸ਼ਤਿਹਾਰ ਕਦੇ ਨਹੀਂ ਛਾਪੇ ਜਿਹੜੇ ਮਿਆਰ ਤੋਂ ਨੀਵੇਂ ਅਤੇ ਪੱਤਰਕਾਰੀ ਦੀ ਮਰਿਆਦਾ ਨੂੰ ਭੰਗ ਕਰਨ ਵਾਲੇ ਹੋਣ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ ਪਾਠਕਾਂ ਵਿੱਚ ਉਦਾਰਵਾਦੀ ਤੇ ਨਿਰਪੱਖ ਦ੍ਰਿਸ਼ਟੀਕੋਣ ਦਾ ਪ੍ਰਸਾਰ ਕਰਨਾ, ਸੁਹਿਰਦ ਪਾਠਕਾਂ ਦੀਆਂ ਆਸਾਂ ਤੇ ਇੱਛਾਵਾਂ ’ਤੇ ਪੂਰਾ ਉਤਰਨਾ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਾ, ‘ਪੰਜਾਬੀ ਟ੍ਰਿਬਿਊਨ’ ਦਾ ਕਰਮ ਤੇ ਧਰਮ ਰਿਹਾ ਹੈ। ਇਵੇਂ ਇਸ ਨੇ ਪੰਜਾਬੀ ਪੱਤਰਕਾਰੀ ਵਿੱਚ ਆਪਣੀ ਅਦੁੱਤੀ ਤੇ ਵਿਲੱਖਣ ਥਾਂ ਕਾਇਮ ਕੀਤੀ ਹੈ। ‘ਟ੍ਰਿਬਿਊਨ’ ਦੇ ਉਸ ਵੇਲੇ ਦੇ ਟਰੱਸਟੀਆਂ ਡਾ. ਤੁਲਸੀ ਦਾਸ (ਪ੍ਰਧਾਨ), ਸ੍ਰੀ ਡੀ.ਕੇ. ਮਹਾਜਨ, ਲੈਫਟੀਨੈਂਟ ਜਨਰਲ ਪੀ.ਐਸ. ਗਿਆਨੀ, ਸ੍ਰੀ ਐਚ.ਆਰ. ਭਾਟੀਆ, ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਉਸ ਵੇਲੇ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਦੇ ਉੱਦਮ ਨੂੰ ਸਿਜਦਾ ਕਰਨਾ ਬਣਦਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ‘ਪੰਜਾਬੀ ਟ੍ਰਿਬਿਊਨ’ ਹੋਂਦ ਵਿੱਚ ਆਇਆ ਸੀ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਨਾਲ ਪੰਜਾਬੀ ਪੱਤਰਕਾਰੀ ਵਿੱਚ ਨਵੀਂ ਸੋਚ ਅਤੇ ਵਿਸ਼ਾਲ ਦ੍ਰਿਸ਼ਟੀ ਦਾ ਆਗਮਨ ਹੋਇਆ ਹੈ। ਪੱਤਰਕਾਰੀ ਦਾ ਇਹ ਸੁਨਹਿਰਾ ਦੌਰ ਵਿਕਾਸ ਦੇ ਕਾਫ਼ੀ ਪੜਾਅ ਤੈਅ ਕਰ ਚੁੱਕਿਆ ਹੈ।
ਟ੍ਰਿਬਿਊਨ ਟਰੱਸਟ ਦੇ ਮੈਂਬਰ
ਸ੍ਰੀ ਐਨ ਐਨ ਵੋਹਰਾ
ਜਸਟਿਸ ਐੱਸ.ਐੱਸ. ਸੋਢੀ
ਲੈਫਟੀ. ਜਨਰਲ ਐੱਸ.ਐੱਸ. ਮਹਿਤਾ
ਸ੍ਰੀ ਗੁਰਬਚਨ ਜਗਤ
ਸ਼੍ਰੀ ਪਰਮਜੀਤ ਸਿੰਘ ਪਟਵਾਲੀਆ