ਪੈਰਿਸ, 31 ਜੁਲਾਈ
ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਲਗਾਤਾਰ ਦੋ ਮੈਚ ਜਿੱਤ ਕੇ ਪੈਰਿਸ ਓਲੰਪਿਕ ਮਹਿਲਾ ਵਿਅਕਤੀਗਤ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਕੁਝ ਦਿਨ ਪਹਿਲਾਂ ਭਾਰਤੀ ਮਹਿਲਾ ਤੀਰਅੰਦਾਜ਼ ਟੀਮ ਕੁਆਰਟਰ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰ ਗਈ ਸੀ, ਜਿਸ ’ਚ ਦੀਪਿਕਾ ਦੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ। ਵਿਅਕਤੀਗਤ ਵਰਗ ਵਿੱਚ ਦੀਪਿਕਾ ਨੇ ਸ਼ੂਟ ਆਫ ਵਿੱਚ ਐਸਤੋਨੀਆ ਦੀ ਰੀਨਾ ਪਰਨਾਟ ਨੂੰ 6-5 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਉਸ ਨੇ ਨੈਦਰਲੈਂਡਜ਼ ਦੀ ਕੁਇੰਟੀ ਰੋਏਫੇਨ ਨੂੰ 6-2 ਨਾਲ ਹਰਾਇਆ। ਹੁਣ ਪ੍ਰੀ-ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨਾਲ ਹੋਵੇਗਾ। ਉਧਰ ਤਰੁਣਦੀਪ ਰਾਏ ਨੂੰ ਪੁਰਸ਼ ਸਿੰਗਲਜ਼ ਵਿੱਚ ਆਖਰੀ-64 ਦੇ ਮੁਕਾਬਲੇ ਵਿੱਚ ਇੰਗਲੈਂਡ ਦੇ ਟੌਮ ਹਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਅੱਜ ਦੇ ਪਹਿਲੇ ਮੈਚ ਵਿੱਚ ਦੀਪਿਕਾ ਪਹਿਲਾ ਸੈੱਟ ਜਿੱਤਣ ਵਿੱਚ ਕਾਮਯਾਬ ਰਹੀ ਪਰ ਦੂਜਾ ਹਾਰ ਗਈ। ਤੀਜੇ ਵਿੱਚ ਸਕੋਰ ਬਰਾਬਰ ਰਿਹਾ। ਚੌਥਾ ਸੈਟ ਉਹ ਹਾਰ ਗਈ ਅਤੇ ਪੰਜਵੇਂ ਵਿੱਚ ਮੁੜ ਬਰਾਬਰੀ ਕਰ ਲਈ। ਇਸ ਤੋਂ ਬਾਅਦ ਮੈਚ ਸ਼ੂਟਆਫ ਵਿੱਚ ਚਲਾ ਗਿਆ ਜਿਸ ਵਿੱਚ ਉਸ ਨੇ ਨੌਂ ਅਤੇ ਵਿਰੋਧੀ ਨੇ ਅੱਠ ਸਕੋਰ ਕੀਤਾ। ਦੂਜੇ ਮੈਚ ਵਿੱਚ ਉਸ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਈ। ਉਸ ਨੇ ਪਹਿਲਾ ਸੈੱਟ ਦੋ ਵਾਰ 10 ਅਤੇ ਇੱਕ ਵਾਰ 9 ਸਕੋਰ ਕਰ ਕੇ ਜਿੱਤਿਆ। ਡੱਚ ਖਿਡਾਰਨ ਨੇ ਦੂਜੇ ਸੈੱਟ ਵਿੱਚ ਵਾਪਸੀ ਕੀਤੀ। ਤੀਜੇ ਸੈੱਟ ਵਿੱਚ ਦੀਪਿਕਾ ਨੇ ਇੱਕ ਵਾਰ ਖ਼ਰਾਬ ਸ਼ਾਟ ਨਾਲ ਸੱਤ ਸਕੋਰ ਕੀਤਾ ਪਰ ਫਿਰ ਵੀ ਉਹ ਸੈੱਟ ਜਿੱਤ ਗਈ ਕਿਉਂਕਿ ਵਿਰੋਧੀ ਖਿਡਾਰਨ ਦੇ ਪਹਿਲੇ ਤੀਰ ’ਤੇ ਉਸ ਨੂੰ ਇੱਕ ਅੰਕ ਵੀ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਦੀਪਿਕਾ ਨੇ ਚੌਥੇ ਸੈੱਟ ਦੇ ਆਖਰੀ ਤਿੰਨ ਤੀਰਾਂ ’ਤੇ 10, 9, 9 ਦਾ ਸਕੋਰ ਬਣਾਇਆ ਅਤੇ ਉਸ ਦੀ ਵਿਰੋਧੀ 7, 6, 10 ਦਾ ਸਕੋਰ ਹੀ ਬਣਾ ਸਕੀ। -ਪੀਟੀਆਈ