ਨਵੀਂ ਦਿੱਲੀ/ਕਰਾਚੀ, 9 ਅਗਸਤ
‘ਸੋਨਾ ਜਿਸ ਦਾ ਹੈ, ਉਹ ਵੀ ਸਾਡਾ ਹੀ ਪੁੱਤ ਹੈ, ਇਹ ਗੱਲ ਸਿਰਫ਼ ਇੱਕ ਮਾਂ ਹੀ ਕਹਿ ਸਕਦੀ ਹੈ। ਲਾਜਵਾਬ।’ ਸ਼ੋਏਬ ਅਖਤਰ ਨੇ ਦੋ ਸਤਰਾਂ ਵਿੱਚ ਸਰਹੱਦ ਦੇ ਆਰ-ਪਾਰ ਦੇ ਜਜ਼ਬਾਤ ਬਿਆਨ ਕਰ ਦਿੱਤੇ, ਜੋ ਚੈਂਪੀਅਨ ਨੇਜ਼ਾ ਸੁਟਾਵਿਆਂ ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਦੀਆਂ ਮਾਵਾਂ ਵੱਲੋਂ ਇੱਕ-ਦੂਜੇ ਦੇ ਬੱਚੇ ਨੂੰ ਆਪਣਾ ਪੁੱਤ ਕਹੇ ਜਾਣ ਮਗਰੋਂ ਸਾਹਮਣੇ ਆਏ ਹਨ। ਆਮ ਤੌਰ ’ਤੇ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਖੇਡ ਦੇ ਕਿਸੇ ਵੀ ਮੈਦਾਨ ’ਤੇ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਲੋਕ ਜ਼ਹਿਰ ਉਗਲਦੇ ਦਿਖਦੇ ਹਨ ਪਰ ਇਸ ਵਾਰ ਸਥਿਤੀ ਕੁੱਝ ਹੋਰ ਹੈ। ਇਸ ਦਾ ਸਿਹਰਾ ਨੀਰਜ ਦੀ ਮਾਂ ਸਰੋਜ ਦੇਵੀ ਅਤੇ ਅਰਸ਼ਦ ਦੀ ਮਾਂ ਰਜ਼ੀਆ ਪਰਵੀਨ ਨੂੰ ਜਾਂਦਾ ਹੈ। ਸਰੋਜ ਦੀ ਮਾਂ ਨੇ ਪਾਣੀਪਤ ਦੇ ਪਿੰਡ ਖੰਡਰਾ ਵਿੱਚ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਚਾਂਦੀ ਦੇ ਤਗ਼ਮੇ ਨਾਲ ਬਹੁਤ ਖੁਸ਼ ਹਾਂ, ਜਿਸ ਨੇ ਸੋਨ ਤਗ਼ਮਾ ਜਿੱਤਿਆ, ਉਹ ਵੀ ਸਾਡਾ ਪੁੱਤ ਹੈ ਅਤੇ ਜਿਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਉਹ ਵੀ ਸਾਡਾ ਪੁੱਤ ਹੈ। ਸਾਰੇ ਅਥਲੀਟ ਹਨ, ਸਾਰੇ ਸਖ਼ਤ ਮਿਹਨਤ ਕਰਦੇ ਹਨ। ਨਦੀਮ ਵੀ ਚੰਗਾ ਹੈ, ਉਹ ਚੰਗਾ ਖੇਡਦਾ ਹੈ। ਨੀਰਜ ਤੇ ਨਦੀਮ ਵਿੱਚ ਕੋਈ ਫਰਕ ਨਹੀਂ ਹੈ। ਸਾਨੂੰ ਸੋਨੇ ਅਤੇ ਚਾਂਦੀ ਦਾ ਤਗ਼ਮਾ ਮਿਲਿਆ, ਸਾਡੇ ਲਈ ਕੋਈ ਫਰਕ ਨਹੀਂ ਹੈ।’’ ਨੀਰਜ ਅਤੇ ਨਦੀਮ ਦੋਵੇਂ ਵਿਰੋਧੀ ਖਿਡਾਰੀ ਹੋਣ ਦੇ ਬਾਵਜੂਦ ਮੈਦਾਨ ਦੇ ਬਾਹਰ ਚੰਗੇ ਦੋਸਤ ਹਨ।
ਅਰਸ਼ਦ ਦੀ ਮਾਂ ਰਜ਼ੀਆ ਪਰਵੀਨ ਨੇ ਕਿਹਾ, ‘‘ਉਹ ਦੋਵੇਂ ਦੋਸਤ ਨਹੀਂ, ਬਲਕਿ ਭਰਾ ਹਨ। ਮੈਂ ਨੀਰਜ ਲਈ ਦੁਆ ਕਰਦੀ ਹਾਂ ਕਿ ਉਸ ਨੂੰ ਹੋਰ ਕਾਮਯਾਬੀ ਮਿਲੇ।’’ ਉਸ ਨੇ ਕਿਹਾ, ‘‘ਨੀਰਜ ਵੀ ਸਾਡੇ ਪੁੱਤ ਵਰਗਾ ਹੈ। ਮੈਂ ਦੁਆ ਕਰਾਂਗੀ ਕਿ ਉਹ ਹੋਰ ਤਗ਼ਮੇ ਜਿੱਤੇ। ਖੇਡ ਵਿੱਚ ਜਿੱਤ ਹਾਰ ਹੁੰਦੀ ਹੈ ਪਰ ਉਹ ਦੋਵੇਂ ਭਰਾ ਹਨ।’’ ਨੀਰਜ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਪੁੱਤ ਦਾ ਮਨਪਸੰਦ ‘ਚੂਰਮਾ’ ਬਣਾ ਕੇ ਉਸ ਦਾ ਸਵਾਗਤ ਕਰਨਗੇ। -ਪੀਟੀਆਈ
ਲਹਿੰਦੇ ਪੰਜਾਬ ਦੀ ਸਰਕਾਰ ਨਦੀਮ ਨੂੰ ਦੇਵੇਗੀ 10 ਕਰੋੜ ਦਾ ਇਨਾਮ
ਕਰਾਚੀ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੈਰਿਸ ਓਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਣ ਵਾਲੇ ਨੇਜ਼ਾ ਸੁਟਾਵੇ ਅਰਸ਼ਦ ਨਦੀਮ ਲਈ 10 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਹਾਲਾਂਕਿ ਨਦੀਮ ਨੂੰ ਕੁੱਝ ਮਹੀਨੇ ਪਹਿਲਾਂ ਓਲੰਪਿਕ ਦੀ ਤਿਆਰੀ ਲਈ ਨਵਾਂ ਨੇਜ਼ਾ ਖਰੀਦਣ ਲਈ ‘ਕਰਾਊਡ ਫੰਡਿੰਗ’ ਦੀ ਮਦਦ ਲੈਣੀ ਪਈ ਸੀ। ਮਰੀਅਮ ਨੇ ਕਿਹਾ ਕਿ ਨਦੀਮ ਦੇ ਨਾਂ ’ਤੇ ਉਸ ਦੇ ਜੱਦੀ ਪਿੰਡ ਖ਼ਾਨੇਵਾਲ ਵਿੱਚ ਇੱਕ ਸਪੋਰਟਸ ਸਿਟੀ ਬਣਾਈ ਜਾਵੇਗੀ। ਨਦੀਮ ਨੂੰ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਵਿੱਚ ਲਗਭਗ ਸਾਰੇ ਗ਼ੈਰ-ਕ੍ਰਿਕਟ ਖਿਡਾਰੀਆਂ ਨੂੰ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। -ਪੀਟੀਆਈ