ਪੈਰਿਸ, 9 ਅਗਸਤ
ਮਸ਼ਹੂਰ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਐਤਵਾਰ ਨੂੰ ਇੱਥੇ ਹੋਣ ਵਾਲੇ ਓਲੰਪਿਕ ਖੇਡਾਂ ਦੇ ਸਮਾਪਨ ਸਮਾਰੋਹ ਵਿੱਚ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਭਾਰਤ ਦਾ ਝੰਡਾਬਰਦਾਰ ਹੋਵੇਗਾ। ਸ੍ਰੀਜੇਸ਼ ਦੇ ਨਾਮ ’ਤੇ ਅੰਤਿਮ ਮੋਹਰ ਲੱਗਣ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਨੀਰਜ ਚੋਪੜਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਨੇਜ਼ਾ ਸੁੱਟਣ ਵਾਲਾ ਇਹ ਸਟਾਰ ਅਥਲੀਟ ਵੀ ਚਾਹੁੰਦਾ ਸੀ ਕਿ ਪੈਰਿਸ ਓਲੰਪਿਕ ਮਗਰੋਂ ਸੰਨਿਆਸ ਲੈਣ ਵਾਲੇ ਹਾਕੀ ਖਿਡਾਰੀ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਹੈ।
ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜਿਆ। ਊਸ਼ਾ ਨੇ ਬਿਆਨ ਵਿੱਚ ਕਿਹਾ, ‘‘ਮੈਂ ਨੀਰਜ ਚੋਪੜਾ ਨਾਲ ਗੱਲਬਾਤ ਕੀਤੀ ਅਤੇ ਮੈਂ ਉਸ ਦੀ ਖੇਡ ਭਾਵਨਾ ਦੀ ਸ਼ਲਾਘਾ ਕਰਦੀ ਹਾਂ ਕਿਉਂਕਿ ਉਹ ਇਸ ਗੱਲ ਨਾਲ ਸਹਿਮਤ ਸੀ ਕਿ ਸਮਾਪਨ ਸਮਾਰੋਹ ਵਿੱਚ ਸ੍ਰੀਜੇਸ਼ ਨੂੰ ਹੀ ਝੰਡਾਬਰਦਾਰ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਨੀਰਜ ਨੇ ਮੈਨੂੰ ਕਿਹਾ, ਮੈਡਮ ਜੇ ਤੁਸੀਂ ਮੈਨੂੰ ਨਾ ਪੁੱਛਦੇ ਤਾਂ ਵੀ ਮੈਂ ਸ੍ਰੀਜੇਸ਼ ਭਾਈ ਦੇ ਨਾਮ ਦਾ ਹੀ ਸੁਝਾਅ ਦਿੰਦਾ। ਇਸ ਤੋਂ ਪਤਾ ਲੱਗਦਾ ਹੈ ਕਿ ਨੀਰਜ ਭਾਰਤੀ ਖੇਡਾਂ ਵਿੱਚ ਸ੍ਰੀਜੇਸ਼ ਦੇ ਯੋਗਦਾਨ ਨੂੰ ਕਿੰਨਾ ਸਨਮਾਨ ਦਿੰਦਾ ਹੈ।’’ -ਪੀਟੀਆਈ