ਨਵੀਂ ਦਿੱਲੀ:
ਪੈਰਿਸ ਓਲੰਪਿਕ ਖੇਡਾਂ ਦੇ ਖੇਡ ਪਿੰਡ ਵਿੱਚ ਅਨੁਸ਼ਾਸਨ ਦੀ ਉਲੰਘਣਾ ਕਾਰਨ ਵਿਵਾਦਾਂ ਵਿੱਚ ਘਿਰੀ ਭਾਰਤੀ ਪਹਿਲਵਾਨ ਅੰਤਿਮ ਪੰਘਾਲ ਅੱਜ ਦੇਸ਼ ਪਰਤ ਆਈ ਹੈ। ਇਹ ਪਹਿਲਵਾਨ ਵੀਰਵਾਰ ਨੂੰ ਉਦੋਂ ਚਰਚਾ ਵਿੱਚ ਆਈ ਸੀ, ਜਦੋਂ ਉਸ ਨੇ ਆਪਣੇ ਪਛਾਣ ਪੱਤਰ ’ਤੇ ਆਪਣੀ ਭੈਣ ਨੂੰ ਖੇਡ ਪਿੰਡ ਵਿੱਚ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੂੰ ਪਛਾਣ ਪੱਤਰ ਦੀ ਤਸਦੀਕ ਲਈ ਪੁਲੀਸ ਨੇ ਸੱਦਿਆ ਸੀ।
ਇਸ ਘਟਨਾ ਨੇ ਦੇਸ਼ ਨੂੰ ਸ਼ਰਮਿੰਦਾ ਕੀਤਾ ਸੀ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਅੰਤਿਮ ਅਤੇ ਉਸ ਦੇ ਸਹਿਯੋਗੀ ਸਟਾਫ ਨੂੰ ਫ਼ੌਰੀ ਤੌਰ ’ਤੇ ਦੇਸ਼ ਵਾਪਸ ਭੇਜਣ ਦਾ ਫ਼ੈਸਲਾ ਲਿਆ। ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਤਗ਼ਮਾ ਜੇਤੂ ਅੰਤਿਮ ਨੇ ਕਿਹਾ ਕਿ ਉਸ ਦਾ ਕੁੱਝ ਵੀ ਗਲਤ ਕਰਨ ਦਾ ਇਰਾਦਾ ਨਹੀਂ ਸੀ ਪਰ ਖੇਡ ਪਿੰਡ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਉਸ ’ਤੇ ਅਨੁਸ਼ਾਸਨਤਮਕ ਕਾਰਵਾਈ ਕੀਤੀ ਜਾ ਸਕਦੀ ਹੈ। ਭਾਰਤੀ ਟੀਮ ਦੀ ਜਰਸੀ ਪਹਿਨ ਕੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਵਾਲੀ ਅੰਤਿਮ ਤੁਰੰਤ ਹੀ ਬਾਹਰ ਚਲੀ ਗਈ ਅਤੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ