* ਭਾਰਤ ਨੇ ਓਲੰਪਿਕ ’ਚ ਹੁਣ ਤੱਕ ਜਿੱਤੇ 6 ਤਗ਼ਮੇ
* ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਪੈਰਿਸ, 9 ਅਗਸਤ
ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ-ਸਟਾਈਲ ਵਰਗ ਵਿਚ ਪੋਰਟੋ ਰਿਕੋ ਦੇ ਡਾਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅੰਡਰ-23 ਵਿਸ਼ਵ ਚੈਂਪੀਅਨ ਸਹਿਰਾਵਤ (21) ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕੋ ਇਕ ਭਾਰਤੀ ਪੁਰਸ਼ ਪਹਿਲਵਾਨ ਸੀ ਤੇ ਉਹ ਕਰੋੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਹਿਰਾਵਤ ਦੇ ਪ੍ਰਦਰਸ਼ਨ ਤੋਂ ਉਸ ਦਾ ਸਮਰਪਣ ਤੇ ਦ੍ਰਿੜ੍ਹਤਾ ਝਲਕਦੀ ਹੈ ਤੇ ਸਾਰਾ ਦੇਸ਼ ਉਸ ਦੀ ਜਿੱਤ ਦਾ ਜਸ਼ਨ ਮਨਾਏਗਾ। ਸਹਿਰਾਵਤ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦਾ ਪਹਿਲਵਾਨ ਹੈ। ਇਸੇ ਅਖਾੜੇ ਨੇ ਭਾਰਤ ਨੂੰ ਚਾਰ ਓਲੰਪਿਕ ਤਗ਼ਮਾ ਜੇਤੂ- ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ ਤੇ ਰਵੀ ਦਹੀਆ ਦਿੱਤੇ ਹਨ। ਸਹਿਰਾਵਤ ਦੀ ਜਿੱਤ ਨਾਲ ਭਾਰਤ ਦੇ ਹੁਣ ਪੰਜ ਕਾਂਸੀ ਦੇ ਤਗ਼ਮੇ ਹੋ ਗਏ ਹਨ ਜਦੋਂਕਿ ਇਕੋ ਇਕ ਚਾਂਦੀ ਦਾ ਤਗ਼ਮਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਹੈ। ਅਮਨ ਨੇ 13-5 ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨਾਂ ਵੱਲੋਂ ਤਗ਼ਮੇ ਨਾਲ ਦੇਸ਼ ਵਾਪਸੀ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। ਉਧਰ ਭਾਰਤ ਦੀ ਰੀਤਿਕਾ ਹੁੱਡਾ ਸ਼ਨਿੱਚਰਵਾਰ ਨੂੰ ਮਹਿਲਾਵਾਂ ਦੇ 76 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਹੰਗਰੀ ਦੀ ਬੀ.ਨੇਗੀ ਦਾ ਸਾਹਮਣਾ ਕਰੇਗੀ। -ਪੀਟੀਆਈ
ਸਾਲਸੀ ਅਦਾਲਤ ਵੱਲੋਂ ਵਿਨੇਸ਼ ਦੀ ਅਪੀਲ ’ਤੇ ਸੁਣਵਾਈ ਮੁਕੰਮਲ
ਪੈਰਿਸ:
ਓਲੰਪਿਕ ਦੇ ਫਾਈਨਲ ਮੈਚ ਵਿੱਚ ਅਯੋਗ ਕਰਾਰ ਦਿੱਤੇ ਜਾਣ ਖ਼ਿਲਾਫ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਅੱਜ ਇੱਥੇ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਸੁਣਵਾਈ ਮੁਕੰਮਲ ਹੋ ਗਈ। ਇਸ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਮਾਮਲੇ ਦਾ ਹਾਂ-ਪੱਖੀ ਹੱਲ ਹੋਣ ਦੀ ਆਸ ਪ੍ਰਗਟਾਈ। ਇਹ ਸੁਣਵਾਈ ਸੀਏਐੱਸ ਦੀ ਐਡਹਾਕ ਡਿਵੀਜ਼ਨ ਵਿੱਚ ਹੋਈ ਜੋ ਕਿ ਖਾਸ ਕਰ ਕੇ ਖੇਡਾਂ ਦੌਰਾਨ ਪੈਦਾ ਹੋਣ ਵਾਲੇ ਵਿਵਾਦਾਂ ਦੇ ਹੱਲ ਲਈ ਸਥਾਪਤ ਕੀਤਾ ਗਿਆ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਭਾਰਤੀ ਓਲੰਪਿਕ ਐਸੋਸੀਏਸ਼ਨ ਖੇਡ ਸਾਲਸੀ ਅਦਾਲਤ ਦੇ ਐਡਹਾਕ ਡਿਵੀਜ਼ਨ ਸਾਹਮਣੇ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ’ਤੇ ਹੋਈ ਸੁਣਵਾਈ ਮਗਰੋਂ ਮਾਮਲੇ ਦਾ ਹਾਂ-ਪੱਖੀ ਹੱਲ ਨਿਕਲਣ ਲਈ ਆਸਵੰਦ ਹੈ।’’ ਸੋਨੇ ਦੇ ਤਗ਼ਮੇ ਲਈ ਸਾਰਾ ਐਨ ਹਿਲਡਰਬ੍ਰਾਂਟ ਨਾਲ ਹੋਣ ਵਾਲੇ ਫਾਈਨਲ ਮੈਚ ਤੋਂ ਪਹਿਲਾਂ ਸਵੇਰ ਸਮੇਂ 100 ਗ੍ਰਾਮ ਵੱਧ ਭਾਰ ਆਉਣ ’ਤੇ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਵਿਨੇਸ਼ ਦੀ ਥਾਂ ਕਿਊਬਾ ਦੀ ਪਹਿਲਵਾਨ ਯੁਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਫਾਈਨਲ ਵਿੱਚ ਭੇਜ ਦਿੱਤਾ ਗਿਆ ਜਦਕਿ ਲੋਪੇਜ਼ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਤੋਂ ਹਾਰ ਗਈ ਸੀ।
ਇਸ ਖਿਲਾਫ ਵਿਨੇਸ਼ ਨੇ ਖੇਡ ਸਾਲਸੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਕੱਲ੍ਹ ਮਨਜ਼ੂਰ ਕਰ ਲਿਆ ਗਿਆ ਸੀ ਤੇ ਇਸ ’ਤੇ ਅੱਜ ਸੁਣਵਾਈ ਹੋਈ। ਇਸ ਅਪੀਲ ਵਿੱਚ ਭਾਰਤ ਨੇ ਮੰਗ ਕੀਤੀ ਕਿ ਵਿਨੇਸ਼ ਨੂੰ ਮੰਗਲਵਾਰ ਨੂੰ ਹੋਏ ਮੁਕਾਬਲੇ ਦੇ ਆਧਾਰ ’ਤੇ ਲੋਪੇਜ਼ ਦੇ ਨਾਲ ਚਾਂਦੀ ਦਾ ਸਾਂਝਾ ਤਗ਼ਮਾ ਦਿੱਤਾ ਜਾਵੇ। ਵਿਨੇਸ਼ ਦੀ ਨੁਮਾਇੰਦਗੀ ਭਾਰਤ ਦੇ ਸੀਨੀਅਰ ਵਕੀਲਾਂ ਹਰੀਸ਼ ਸਾਲਵੇ ਤੇ ਵਿਦੁਸ਼ਪਤ ਸਿੰਘਾਨੀਆ ਨੇ ਕੀਤੀ।
ਭਾਰਤ ਓਲੰਪਿਕ ਐਸੋਸੀਏਸ਼ਨ ਨੇ ਕਿਹਾ, ‘‘ਮਾਮਲਾ ਅਜੇ ਅਦਾਲਤ ਦੇ ਜ਼ੇਰੇ-ਗ਼ੌਰ ਹੈ, ਜਿਸ ਕਾਰਨ ਆਈਓਏ ਸਿਰਫ ਇਹੋ ਕਹਿ ਸਕਦਾ ਹੈ ਕਿ ਸਾਲਸ ਡਾ. ਐਨਾਬੈਲੇ ਬੈਨੇਟ ਏਸੀ ਐੱਸਸੀ (ਆਸਟਰੇਲੀਆ) ਨੇ ਕਰੀਬ ਤਿੰਨ ਘੰਟੇ ਤੱਕ ਸਾਰੀਆਂ ਧਿਰਾਂ ਵਿਨੇਸ਼ ਫੋਗਾਟ, ਯੂਨਾਈਟਿਡ ਵਿਸ਼ਵ ਕੁਸ਼ਤੀ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਨਾਲ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪੱਖ ਸੁਣਿਆ। ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਕਾਨੂੰਨੀ ਸਹਾਇਤਾ ਲਈ ਵਕੀਲਾਂ ਸਾਲਵੇ ਤੇ ਸਿੰਘਾਨੀਆ ਦੇ ਨਾਲ ਕ੍ਰਿਡਾ ਕਾਨੂੰਨੀ ਟੀਮ ਦਾ ਧੰਨਵਾਦ ਕੀਤਾ।
ਉਧਰ ਕੌਮਾਂਤਰੀ ਓਲੰਪਿਕ ਕਮੇਟੀ (ਆੲਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਅੱਜ ਕਿਹਾ ਕਿ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਚੁਣੌਤੀ ਦੇਣ ਵਾਲੀ ਵਿਨੇਸ਼ ਫੋਗਾਟ ਲਈ ਉਨ੍ਹਾਂ ਦੇ ਦਿਲ ਵਿੱਚ ਹਮਦਰਦੀ ਹੈ ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕੁਝ ਹਾਲਾਤ ਵਿੱਚ ਛੋਟੀ ਰਿਆਇਤਾਂ ਦੇਣ ਤੋਂ ਬਾਅਦ ਕੋਈ ਸੀਮਾ ਤਾਂ ਤੈਅ ਕਰਨੀ ਹੀ ਪੈਣੀ ਹੈ। ਉਨ੍ਹਾਂ ਕਿਹਾ, ‘‘ਹੁਣ, ਇਹ ਅਪੀਲ ਸੀਏਐੱਸ ਵਿੱਚ ਹੈ। ਅਸੀਂ ਅਖੀਰ ਵਿੱਚ ਸੀਏਐੱਸ ਦੇ ਫੈਸਲੇ ਦੀ ਪਾਲਣਾ ਕਰਾਂਗੇ ਪਰ ਫਿਰ ਵੀ ਕੁਸ਼ਤੀ ਫੈਡਰੇਸ਼ਨ ਨੂੰ ਆਪਣੇ ਨਿਯਮ ਲਾਗੂ ਕਰਨੇ ਹੋਣਗੇ।’’ -ਪੀਟੀਆਈ