ਪੈਰਿਸ, 12 ਅਗਸਤ
ਪੈਰਿਸ ਓਲੰਪਿਕ ’ਚ ਅਮਰੀਕਾ ਤੇ ਚੀਨ ਨੇ ਸੋਨੇ ਦੇ ਬਰਾਬਰ 40-40 ਤਗ਼ਮੇ ਜਿੱਤੇ ਹਨ ਪਰ ਅਮਰੀਕਾ ਨੇ ਕੁੱਲ 126 ਤਗ਼ਮੇ ਹਾਸਲ ਕਰਦਿਆਂ ਸੂਚੀ ’ਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੀਨ 91 ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਟੋਕੀਓ ਓਲੰਪਿਕ ’ਚ ਵੀ ਅਮਰੀਕਾ 39 ਸੋਨ ਸਣੇ ਕੁੱਲ 113 ਤਗ਼ਮੇ ਜਿੱਤ ਕੇ ਮੋਹਰੀ ਰਿਹਾ ਸੀ ਜਦਕਿ ਚੀਨ ਕੁੱਲ 89 ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਸੀ, ਜਿਸ ਵਿੱਚ ਸੋਨੇ 38 ਤਗ਼ਮੇ ਸ਼ਾਮਲ ਸਨ। ਪੈਰਿਸ ਓਲੰਪਿਕ ਤੋਂ ਪਹਿਲਾਂ ਨੀਲਸਨ ਦੇ ਗਰੇਸਨੋਟ ਦੀ ਪੇਸ਼ੀਨਗੋਈ ਮੁਤਾਬਕ ਤਗ਼ਮਾ ਸੂਚੀ ’ਚ ਅਮਰੀਕਾ, ਚੀਨ, ਬਰਤਾਨੀਆ, ਫਰਾਂਸ ਅਤੇ ਆਸਟਰੇਲੀਆ ਦੇ ਪਹਿਲੇ ਪੰਜ ਸਥਾਨਾਂ ’ਤੇ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ਹਾਲਾਂਕਿ ਅਮਰੀਕਾ ਤੇ ਚੀਨ ਨੇ ਸੋਨੇ ਦੇ ਬਰਾਬਰ ਤਗ਼ਮੇ ਜਿੱਤੇ ਹਨ ਪਰ ਸੂਚੀ ’ਚ ਅਮਰੀਕਾ ਮੋਹਰੀ ਰਿਹਾ ਹੈ।
ਜਪਾਨ ਨੇ ਸੋਨੇ ਦੇ 20 ਤਗ਼ਮਿਆਂ ਸਣੇ ਕੁੱਲ 45 ਤਗ਼ਮੇ ਜਿੱਤਦਿਆਂ ਤੀਜਾ ਸਥਾਨ ਹਾਸਲ ਕਰਕੇ ਉਕਤ ਭਵਿੱਖਵਾਣੀ ਨੂੰ ਗਲਤ ਸਾਬਤ ਕੀਤਾ ਹੈ। ਹਾਲਾਂਕਿ ਪੇਸ਼ੀਨਗੋਈ ਮੁਤਾਬਕ ਫਰਾਂਸ ਤੇ ਆਸਟਰੇਲੀਆ ਪਹਿਲੇ ਪੰਜ ਦੇਸ਼ਾਂ ’ਚ ਸ਼ਾਮਲ ਹਨ।
ਆਸਟਰੇਲੀਆ 18 ਸੋਨ ਸਮੇਤ ਕੁੱਲ 53 ਤਗ਼ਮੇ ਜਿੱਤੇ ਚੌਥੇ ਅਤੇ ਮੇਜ਼ਬਾਨ ਫਰਾਂਸ ਕੁੱਲ 64 ਤਗ਼ਮੇ ਜਿੱਤ ਕੇ ਪੰਜਵੇਂ ਸਥਾਨ ’ਤੇ ਰਿਹਾ, ਜਿਸ ਵਿੱਚ 16 ਸੋਨ ਤਗ਼ਮੇ ਸ਼ਾਮਲ ਹਨ। ਫਰਾਂਸ ਦੇ ਇਹ ਤਗ਼ਮੇ ਉਸ ਵੱਲੋਂ ਟੋਕੀਓ ਖੇਡਾਂ ’ਚ ਜਿੱਤੇ 33 ਤਗ਼ਮਿਆਂ ਤੋਂ ਦੁੱਗਣੇ ਹਨ। ਇਨ੍ਹਾਂ ਖੇਡਾਂ ’ਚ ਬਰਤਾਨੀਆ ਨੇ ਟੋਕੀਓ ਓਲੰਪਿਕ ਦੇ 64 ਤਗ਼ਮਿਆਂ ਦੇ ਮੁਕਾਬਲੇ ਇਸ ਵਾਰ 65 ਤਗ਼ਮੇ ਜਿੱਤੇ ਹਨ ਪਰ ਸੋਨ ਤਗ਼ਮੇ ਘੱਟ ਹੋਣ ਕਾਰਨ ਉਹ ਨੈਦਰਲੈਂਡਜ਼ (15 ਸੋਨ ਸਣੇ ਕੁੱਲ 34 ਤਗ਼ਮੇ) ਤੋਂ ਬਾਅਦ ਸੱਤਵੇਂ ਸਥਾਨ ’ਤੇ ਰਿਹਾ ਹੈ। ਬਰਤਾਨੀਆ ਇਸ ਵਾਰ 14 ਸੋਨ ਤਗ਼ਮੇ ਜਿੱਤੇ ਹਨ। -ਏਪੀ