ਪੈਰਿਸ, 5 ਅਗਸਤ
ਅਮਰੀਕਾ ਦੇ ਨੋਆ ਲਾਇਲਸ ਨੇ ਪੈਰਿਸ ਓਲੰਪਿਕ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੋਆ ਕਾਫ਼ੀ ਕਰੀਬੀ ਮੁਕਾਬਲੇ ਦੌਰਾਨ ਜਮਾਇਕਾ ਦੇ ਕਿਸ਼ਨੇ ਥੌਂਪਸਨ ਨੂੰ 0.005 ਸੈਕਿੰਡ ਦੇ ਫ਼ਰਕ ਨਾਲ ਹਰਾ ਕੇ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਬਣਿਆ। ਨੋਆ ਨੇ ਇਹ ਦੌੜ 9.784 ਸੈਕਿੰਡ ਦੇ ਸਮੇਂ ਨਾਲ ਪੂਰੀ ਕੀਤੀ। ਉਹ ਮਹਾਨ ਖਿਡਾਰੀ ਉਸੈਨ ਬੋਲਟ ਦੇ 9.63 ਸੈਕਿੰਡ ਦੇ ਓਲੰਪਿਕ ਰਿਕਾਰਡ ਨੂੰ ਤੋੜਨ ’ਚ ਸਿਰਫ਼ 0.16 ਸੈਕਿੰਡ ਦੇ ਫ਼ਰਕ ਨਾਲ ਪਛੜ ਗਿਆ। ਨੋਆ 2004 ਮਗਰੋਂ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਅਮਰੀਕਾ ਦਾ ਪਹਿਲਾ ਅਥਲੀਟ ਬਣ ਗਿਆ ਹੈ। ਜਮਾਇਕਾ ਦੇ ਕਿਸ਼ਨੇ ਥੌਂਪਸਨ ਨੇ 9.789 ਸੈਕਿੰਡ ਨਾਲ ਚਾਂਦੀ ਦਾ ਤਗ਼ਮਾ ਅਤੇ ਅਮਰੀਕਾ ਦੇ ਹੀ ਫਰੈਡ ਕੇਰਲੀ ਨੇ 9.81 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਹਾਲਾਂਕਿ ਖਿਡਾਰੀਆਂ ਨੂੰ ਦੌੜ ਦੇ ਨਤੀਜਿਆਂ ਲਈ ਕੁੱਝ ਸਮੇਂ ਤੱਕ ਉਡੀਕ ਕਰਨੀ ਪਈ ਕਿਉਂਕਿ ਸਾਰੇ ਅੱਠ ਖਿਡਾਰੀਆਂ ਨੇ ਕੁੱਝ ਸੈਕਿੰਡਾਂ ਦੇ ਫ਼ਰਕ ਨਾਲ ਇਹ ਦੌੜ ਮੁਕੰਮਲ ਕੀਤੀ ਸੀ। ਨੋਆ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ 100 ਮੀਟਰ ਅਤੇ 200 ਮੀਟਰ ਵੀ ਜਿੱਤੀ ਸੀ। ਹੁਣ ਉਸ ਦੀਆਂ ਨਜ਼ਰਾਂ ਪੈਰਿਸ ਓਲੰਪਿਕ ਦੀ 200 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਹੋਵੇਗੀ। -ਏਐੱਨਆਈ