ਪੈਰਿਸ: ਕਾਂਗੋ ਦੇ ਦੌੜਾਕ ਡੌਮੀਨਿਕ ਲਸਕੋਨੀ ਮੁਲਾਂਬਾ ਨੂੰ ਐਨਾਬੌਲਿਕ ਸਟੀਰੌਇਡ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕੌਮਾਂਤਰੀ ਟੈਸਟਿੰਗ ਏਜੰਸੀ (ਆਈਟੀਏ) ਨੇ ਅੱਜ ਇਹ ਜਾਣਕਾਰੀ ਦਿੱਤੀ। ਮੁਲਾਂਬਾ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਗਮ ’ਚ ਕਾਂਗੋਂ ਦੇ ਝੰਡਾਬਰਦਾਰਾਂ ਵਿੱਚ ਸ਼ਾਮਲ ਸੀ। ਆਈਟੀਏ ਨੇ ਕਿਹਾ ਕਿ 100 ਮੀਟਰ ਦੌੜ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਮੁਲਾਂਬਾ ਨੇ ਜਿਹੜਾ ਸੈਂਪਲ ਦਿੱਤਾ ਸੀ ਉਸ ਦੀ ਜਾਂਚ ’ਚ ਪਾਬੰਦੀਸ਼ੁਦਾ ਪਦਾਰਥ ਸਟੈਨੋਜ਼ੋਲੋਲ ਮੈਟਾਬੋਲਾਈਟ ਦੀ ਪੁਸ਼ਟੀ ਹੋਈ ਹੈ। ਇਸ ਕਾਰਨ ਮੁਲਾਬਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੈਰਿਸ ਓਲੰਪਿਕ ’ਚ ਡੋਪਿੰਗ ਦਾ ਇਹ ਚੌਥਾ ਮਾਮਲਾ ਹੈ। -ਏਪੀ