ਸ਼ੈਟੋਰੌਕਸ (ਫਰਾਂਸ), 26 ਜੁਲਾਈ
ਆਪਣਾ ਪਹਿਲਾ ਓਲੰਪਿਕ ਖੇਡਣ ਵਾਲੇ ਨਿਸ਼ਾਨੇਬਾਜ਼ਾਂ ਨਾਲ ਭਰੀ ਟੀਮ ਪਿਛਲੇ ਪ੍ਰਦਰਸ਼ਨ ਤੋਂ ਬੋਝ ਮੁਕਤ ਹੋ ਕੇ ਸ਼ਨਿਚਰਵਾਰ ਨੂੰ ਹੋਣ ਵਾਲੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਕੁੱਲ ਚਾਰ ਓਲੰਪਿਕ ਤਗ਼ਮੇ ਜਿੱਤੇ ਹਨ ਪਰ ਪਿਛਲੀਆਂ ਦੋ ਓਲੰਪਿਕ ਖੇਡਾਂ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਿਸ ਨਾਲ ਰਿਕਾਰਡ 21 ਮੈਂਬਰੀ ਭਾਰਤੀ ਦਲ ’ਤੇ ਉਮੀਦਾਂ ਦਾ ਦਬਾਅ ਵਧ ਗਿਆ ਹੈ। ਭਾਰਤੀ ਨਿਸ਼ਾਨੇਬਾਜ਼ ਤਗ਼ਮਿਆਂ ਦਾ 12 ਸਾਲਾਂ ਦਾ ਸੋਕਾ ਖ਼ਤਮ ਕਰਨਾ ਚਾਹੁਣਗੇ। ਭਾਰਤ 15 ਸ਼ੂਟਿੰਗ ਈਵੈਂਟਸ ’ਚ ਹਿੱਸਾ ਲਵੇਗਾ।
ਨੈਸ਼ਨਲ ਸ਼ੂਟਿੰਗ ਫੈਡਰੇਸ਼ਨ ਆਫ ਇੰਡੀਆ (ਐੱਨਆਰਏਆਈ) ਨੇ ਟੀਮ ਦੀ ਚੋਣ ’ਚ ਮੌਜੂਦਾ ਸਮੇਂ ਲੈਅ ਵਿੱਚ ਚੱਲ ਰਹੇ ਨਿਸ਼ਾਨੇਬਾਜ਼ਾਂ ਨੂੰ ਤਰਜੀਹ ਦਿੱਤੀ ਹੈ ਅਤੇ ਉਮੀਦ ਹੈ ਕਿ ਉਹ ਇਸ ਵਾਰ ਤਗ਼ਮਾ ਜ਼ਰੂਰ ਜਿੱਤਣਗੇ। ਇਸੇ ਲਈ ਕੋਟਾ ਜੇਤੂਆਂ ਨੂੰ ਵੀ ਟਰਾਇਲਾਂ ਵਿੱਚ ਰੱਖਿਆ ਗਿਆ ਸੀ। ਇਸ ਵਿੱਚ ਘੱਟ ਤਜਰਬੇਕਾਰ ਸੰਦੀਪ ਸਿੰਘ ਨੇ 2022 ਦੇ ਵਿਸ਼ਵ ਚੈਂਪੀਅਨ ਅਤੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਲਈ ਕੋਟਾ ਜੇਤੂ ਰੁਦਰੰਕਸ਼ ਪਾਟਿਲ ਨੂੰ ਹਰਾ ਦਿੱਤਾ ਸੀ। ਪਾਟਿਲ ਨੇ ਐੱਨਆਰਏਆਈ ਨੂੰ ਪੱਤਰ ਲਿਖ ਕੇ ਟੀਮ ਵਿੱਚ ਚੋਣ ਕੀਤੇ ਜਾਣ ਦੀ ਅਪੀਲ ਵੀ ਕੀਤੀ ਪਰ ਫੈਡਰੇਸ਼ਨ ਆਪਣੇ ਫ਼ੈਸਲੇ ’ਤੇ ਅੜੀ ਰਹੀ। ਮਨੂ ਭਾਕਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਅੰਜੁਮ ਮੌਦਗਿਲ ਅਤੇ ਇਲਾਵੇਨਿਲ ਵਲਾਰਿਵਨ ਨੂੰ ਛੱਡ ਕੇ ਬਾਕੀ ਸਾਰੇ ਨਿਸ਼ਾਨੇਬਾਜ਼ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ।
ਭਾਰਤ ਨੂੰ ਮੁੱਖ ਤੌਰ ’ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜੋ ਵੱਖ-ਵੱਖ ਮੁਕਾਬਲਿਆਂ ’ਚ 21 ਨਿਸ਼ਾਨੇਬਾਜ਼ਾਂ ਨੂੰ ਮੈਦਾਨ ’ਚ ਉਤਾਰ ਰਿਹਾ ਹੈ। ਏਸ਼ਿਆਈ ਖੇਡਾਂ ਵਿੱਚ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਇੱਕ ਹੋਰ ਮਹਿਲਾ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਤਜਰਬੇਕਾਰ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਮੌਦਗਿਲ ਵਾਪਸੀ ਕਰ ਰਹੀ ਹੈ ਅਤੇ ਮਹਿਲਾ 50 ਮੀਟਰ ਰਾਈਫਲ 3 ਪੋਜ਼ੀਸ਼ਨਜ਼ ਵਿੱਚ ਸਿਫਤ ਨਾਲ ਖੇਡੇਗੀ। -ਪੀਟੀਆਈ
ਤਿੰਨ ਮੁਕਾਬਲਿਆਂ ’ਚ ਹਿੱਸਾ ਲਏਗੀ ਮਨੂ ਭਾਕਰ
ਵਿਸ਼ਵ ਮੁਕਾਬਲਿਆਂ ’ਚ ਕਈ ਤਗ਼ਮੇ ਜਿੱਤਣ ਵਾਲੀ 22 ਸਾਲਾ ਮਨੂ ਭਾਕਰ ਟੋਕੀਓ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ’ਚ ਪਿਸਟਲ ਵਿੱਚ ਆਈ ਖਰਾਬੀ ਤੋਂ ਉਭਰ ਨਹੀਂ ਸਕੀ ਸੀ ਪਰ ਇਸ ਵਾਰ ਉਹ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗੀ। ਉਹ ਤਿੰਨ ਈਵੈਂਟਸ ਵਿੱਚ ਹਿੱਸਾ ਲਏਗੀ, ਜਿਸ ਵਿੱਚ 10 ਮੀਟਰ ਏਅਰ ਪਿਸਟਲ, 25 ਮੀਟਰ ਪਿਸਟਲ ਅਤੇ 10 ਮੀਟਰ ਪਿਸਟਲ ਮਿਕਸਡ ਟੀਮ ਸ਼ਾਮਲ ਹੈ।