ਪੈਰਿਸ, 6 ਅਗਸਤ
ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਇਸ ਦਰਿਆ ਵਿੱਚ ਹੋਣ ਵਾਲੀ ਓਲੰਪਿਕ ਮੈਰਾਥਨ ਤੈਰਾਕੀ ਦਾ ਅਭਿਆਸ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਸ਼ਵ ਐਕੁਆਟਿਕਸ ਨੇ ਅਭਿਆਸ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸੀਨ ਦਰਿਆ ਵਿੱਚ ਟ੍ਰਾਈਥਲੋਨ ਮਿਕਸਡ ਰੀਲੇਅ ਮੁਕਾਬਲਿਆਂ ਤੋਂ ਇਕ ਦਿਨ ਬਾਅਦ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਅਭਿਆਸ ਰੱਦ ਅਤੇ ਕੁੱਝ ਮੁਕਾਬਲੇ ਮੁਲਤਵੀ ਕੀਤੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਵੀ ਦਰਿਆ ਵਿੱਚ ਅਭਿਆਸ ਹੋਵੇਗਾ ਜਾਂ ਨਹੀਂ ਇਸ ਬਾਰੇ ਫ਼ੈਸਲਾ ਪ੍ਰਬੰਧਕਾਂ ਵੱਲੋਂ ਲਿਆ ਜਾਵੇਗਾ। ਮਹਿਲਾ ਮੈਰਾਥਨ ਤੈਰਾਕੀ ਮੁਕਾਬਲੇ ਵੀਰਵਾਰ ਨੂੰ ਜਦਕਿ ਪੁਰਸ਼ ਮੈਰਾਥਨ ਤੈਰਾਕੀ ਮੁਕਾਬਲੇ ਸ਼ੁੱਕਰਵਾਰ ਨੂੰ ਹੋਣਗੇ। ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਸੀਨ ਦਰਿਆ ਵਿਚਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਸੀ। -ਏਪੀ