ਸੇਂਟ ਡੈਨਿਸ (ਫਰਾਂਸ), 6 ਅਗਸਤ
ਸਵੀਡਨ ਦੇ ਅਰਮਾਂਡ ਡੁਪਲੈਂਟਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿੱਚ ਨੌਵੀਂ ਵਾਰ ਰਿਕਾਰਡ ਬਣਾ ਕੇ ਪੈਰਿਸ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 80,000 ਦਰਸ਼ਕਾਂ ਦੇ ਸਾਹਮਣੇ 6.25 ਮੀਟਰ ਦੀ ਛਾਲ ਮਾਰ ਕੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਲੂਸੀਆਨਾ ਵਿੱਚ ਜੰਮਿਆ 24 ਸਾਲਾ ਡੁਪਲੈਂਟਿਸ ਆਪਣੀ ਮਾਂ ਦੇ ਜੱਦੀ ਮੁਲਕ ਸਵੀਡਨ ਦੀ ਨੁਮਾਇੰਦਗੀ ਕਰਦਾ ਹੈ। ਸਵੀਡਨ ਦੇ ਰਾਜੇ ਅਤੇ ਮਹਾਰਾਣੀ ਨੇ ਵੀ ਉਸ ਦੀ ਇਸ ਪ੍ਰਾਪਤੀ ਨੂੰ ਦੇਖਿਆ। ਆਪਣਾ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤ ਕੇ ਅਤੇ ਇੱਕ ਸੈਂਟੀਮੀਟਰ ਦੇ ਫਰਕ ਨਾਲ ਨੌਵੀਂ ਵਾਰ ਰਿਕਾਰਡ ਤੋੜ ਕੇ ਡੁਪਲੈਂਟਿਸ ਨੇ ਆਪਣੇ ਦੇਸ਼ ਨੂੰ ਮੁੜ ਖ਼ੁਸ਼ੀ ਮਨਾਉਣ ਦਾ ਮੌਕਾ ਦਿੱਤਾ ਹੈ। -ਏਪੀ