ਪੈਰਿਸ, 31 ਜੁਲਾਈ
ਪੈਰਿਸ ਓਲੰਪਿਕ ਵਿੱਚ ਬੀਚ ਵਾਲੀਬਾਲ ਕੋਰਟ ਖਿਡਾਰੀਆਂ ਅਤੇ ਇਸ ਖੇਡ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਹੋਰਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬੀਚ ਵਾਲੀਬਾਲ ਸਟੇਡੀਅਮ ਆਈਫਲ ਟਾਵਰ ਦੇ ਬਿਲਕੁਲ ਨੇੜੇ ਚੈਂਪ ਡੀ ਮਾਰਸ ਵਿੱਚ ਬਣਾਇਆ ਗਿਆ ਹੈ ਅਤੇ ਇਸ ਦਾ ਨਾਮ ਵੀ ਆਈਫਲ ਟਾਵਰ ਸਟੇਡੀਅਮ ਹੈ। ਇਹ ਇਨ੍ਹਾਂ ਖੇਡਾਂ ਵਿੱਚ ਸਭ ਤੋਂ ਮਨਮੋਹਕ ਸਟੇਡੀਅਮਾਂ ਵਿੱਚੋਂ ਇੱਕ ਹੈ। ਓਲੰਪਿਕ ਤਗ਼ਮਾ ਜੇਤੂ ਕਤਰ ਦੇ ਸ਼ੈਰਿਫ ਯੂਨੋਊਸੇ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਬੀਚ ਵਾਲੀਬਾਲ ਦੀ ਮੇਜ਼ਬਾਨੀ ਲਈ ਇਸ ਜਗ੍ਹਾ ਨੂੰ ਕਿਸ ਨੇ ਚੁਣਿਆ ਹੈ ਪਰ ਜਿਸ ਨੇ ਵੀ ਇਹ ਫ਼ੈਸਲਾ ਲਿਆ ਹੈ, ਉਹ ਤਗ਼ਮੇ ਦਾ ਹੱਕਦਾਰ ਹੈ।’’ ਉਸ ਨੇ ਕਿਹਾ, ‘‘ਸਾਈਡ ਕੋਰਟ ’ਤੇ ਅਭਿਆਸ ਕਰਦੇ ਸਮੇਂ ਅਜਿਹਾ ਲੱਗ ਰਿਹਾ ਸੀ ਜਿਵੇਂ ਅਸੀਂ ਆਈਫਲ ਟਾਵਰ ਦੇ ਹੇਠਾਂ ਖੇਡ ਰਹੇ ਹੋਈਏ। ਅਸੀਂ ਇੱਥੇ ਬੀਚ ਵਾਲੀਬਾਲ ਖੇਡਣ ਬਾਰੇ ਸੋਚ ਵੀ ਨਹੀਂ ਸਕਦੇ ਸੀ।’’
ਇਸ ਸਟੇਡੀਅਮ ਵਿੱਚ 12,860 ਦਰਸ਼ਕ ਬੈਠ ਸਕਦੇ ਹਨ। ਸਟੇਡੀਅਮ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਅਤੇ ਸ਼ਾਹੀ ਪਰਿਵਾਰਾਂ ਨਾਲ ਜੁੜੇ ਲੋਕ ਵੀ ਆ ਰਹੇ ਹਨ। ਕੈਨੇਡਾ ਦੀ ਸਟਾਰ ਖਿਡਾਰਨ ਬ੍ਰਾਂਡੀ ਵਿਲਕਰਸਨ ਨੇ ਕਿਹਾ ਕਿ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਅਥਲੀਟ ਬੀਚ ਵਾਲੀਬਾਲ ਦੇ ਸਟੇਡੀਅਮ ਬਾਰੇ ਗੱਲਾਂ ਕਰ ਰਹੇ ਸਨ। ਉਸ ਨੇ ਕਿਹਾ, “ਸਾਡਾ ਸਟੇਡੀਅਮ ਸਭ ਤੋਂ ਵਧੀਆ ਹੈ। ਇੱਥੇ ਖੇਡਣ ਦਾ ਤਜਰਬਾ ਬਹੁਤ ਸ਼ਾਨਦਾਰ ਹੈ। ਮੇਰੇ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ।’’ ਬੀਚ ਵਾਲੀਬਾਲ 1996 ਵਿੱਚ ਓਲੰਪਿਕ ਵਿੱਚ ਸ਼ਾਮਲ ਹੋਈ ਸੀ ਅਤੇ ਜਲਦੀ ਹੀ ਗਰਮੀਆਂ ਦੀਆਂ ਖੇਡਾਂ ਵਿੱਚ ਸਭ ਤੋਂ ਪ੍ਰਸਿੱਧ ਖੇਡਾਂ ’ਚੋਂ ਇੱਕ ਬਣ ਗਈ। -ਪੀਟੀਆਈ