ਪੈਰਿਸ, 8 ਅਗਸਤ
ਭਾਰਤ ਦਾ ਨੌਜਵਾਨ ਪਹਿਲਵਾਨ ਅਮਨ ਸੇਹਰਾਵਤ ਪੈਰਿਸ ਓਲੰਪਿਕ ਦੇ ਪੁਰਸ਼ਾਂ ਦੇ 57 ਕਿਲੋ ਫ੍ਰੀਸਟਾਈਲ ਵਰਗ ਦੇ ਸ਼ੁਰੂਆਤੀ ਦੋ ਮੁਕਾਬਲੇ ਤਕਨੀਕੀ ਸਮਰੱਥਾ ਨਾਲ ਜਿੱਤਣ ਮਗਰੋਂ ਅੱਜ ਇੱਥੇ ਜਪਾਨ ਦੇ ਸਿਖਰਲਾ ਦਰਜਾ ਪ੍ਰਾਪਤ ਰੇਈ ਹਿਗੁਚੀ ਤੋਂ ਇੱਕਤਰਫ਼ਾ ਸੈਮੀ ਫਾਈਨਲ ਵਿੱਚ ਹਾਰ ਗਿਆ। ਹੁਣ ਉਹ ਕਾਂਸੇ ਦੇ ਤਗ਼ਮੇ ਲਈ ਮੈਚ ਖੇਡੇਗਾ। ਰੀਓ ਓਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਜਾਪਾਨ ਦੇ ਤਜਰਬੇਕਾਰ ਪਹਿਲਵਾਨ ਹਿਗੁਚੀ ਨੇ ਪਹਿਲੇ ਹੀ ਰਾਊਂਡ ਵਿੱਚ ਤਕਨੀਕੀ ਸਮਰੱਥਾ ਨਾਲ ਸੌਖਿਆ ਹੀ 10-0 ਨਾਲ ਜਿੱਤ ਦਰਜ ਕੀਤੀ। ਛਤਰਸਾਲ ਅਖਾੜੇ ਦੇ ਪਹਿਲਵਾਨ ਅਮਨ ਨੇ ਪ੍ਰੀ ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਹ ਹਿਗੁਚੀ ਖ਼ਿਲਾਫ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਇੱਕ ਵੀ ਅੰਕ ਨਹੀਂ ਹਾਸਲ ਕਰ ਸਕਿਆ।
ਹੁਣ ਉਹ ਸ਼ੁੱਕਰਵਾਰ ਰਾਤ 10.45 ਵਜੇ ਕਾਂਸੇ ਦੇ ਮੈਚ ਵਿੱਚ ਪੁਆਰਤਾ ਰਿਕੋ ਦੇ ਡਾਰਿਆਨ ਟੋਈ ਕਰੂਜ਼ ਨਾਲ ਖੇਡੇਗਾ। ਅਮਨ ਨੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖ਼ਾਨ ਅਬਾਕਾਰੋਵ ਨੂੰ ਤਕਨੀਕੀ ਸਮਰੱਥਾ ਦੇ ਆਧਾਰ ’ਤੇ 12-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚਦਿਆਂ ਕੁਸ਼ਤੀ ਵਿੱਚ ਦੇਸ਼ ਲਈ ਤਗ਼ਮੇ ਦੀ ਉਮੀਦ ਜਗਾਈ ਸੀ। ਏਸ਼ਿਆਈ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਦੇਸ਼ ਦੇ ਇਕਲੌਤੇ ਪੁਰਸ਼ ਪਹਿਲਵਾਨ ਅਮਨ ਨੇ ਕੁਆਰਟਰ ਫਾਈਨਲ ਵਿੱਚ ਅਬਾਕਾਰਵ ’ਤੇ ਸੌਖਿਆ ਹੀ ਜਿੱਤ ਹਾਸਲ ਕਰ ਲਈ। ਅਮਨ ਨੇ ਪਹਿਲੇ ਰਾਊਂਡ ਵਿੱਚ ਅਬਾਕਾਰੋਵ ਦੇ ਕੋਈ ਦਾਅ ਨਾ ਖੇਡਣ ਕਾਰਨ ਇੱਕ ਅੰਕ ਅਤੇ ਫਿਰ ਪਿੱਠ ਭਾਰ ਕਰਨ ਦੇ ਦੋ ਅੰਕ ਹਾਸਲ ਕੀਤੇ।
ਦੂਜੇ ਰਾਊਂਡ ਵਿੱਚ ਵੀ ਸਾਬਕਾ ਵਿਸ਼ਵ ਚੈਂਪੀਅਨ ਅਬਾਕਾਰੋਵ ਦਾ ਇਹੀ ਹਾਲ ਰਿਹਾ, ਜਿਸ ਮਗਰੋਂ ਭਾਰਤ ਦੇ 21 ਸਾਲਾ ਪਹਿਲਵਾਨ ਨੇ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਵੀ ਹੋਇਆ। ਇਸ ਤਰ੍ਹਾਂ ਉਸ ਨੇ ਅੱਠ ਅੰਕ ਹਾਸਲ ਕੀਤੇ ਅਤੇ ਤਕਨੀਕੀ ਸਮਰੱਥਾ ਨਾਲ ਜਿੱਤ ਗਿਆ। ਅਬਾਕਾਰੋਵ ਨੇ ਅਖੀਰ ਵਿੱਚ ਦੋ ਅੰਕ ਦੀ ਚੁਣੌਤੀ ਦਿੱਤੀ ਪਰ ਉਹ ਨਾਮਨਜ਼ੂਰ ਹੋ ਗਈ ਅਤੇ ਅਮਨ ਨੂੰ ਇੱਕ ਹੋਰ ਅੰਕ ਮਿਲਿਆ। ਇਸ ਤੋਂ ਪਹਿਲਾਂ ਅਮਨ ਉੱਤਰ ਮਕਦੂਨੀਆ ਦੇ ਵਿਰੋਧੀ ਵਲਾਦੀਮੀਰ ਇਗੋਰੋਵ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਸਦਕਾ ਕੁਆਰਟਰ ਫਾਈਨਲ ’ਚ ਪਹੁੰਚਿਆ ਸੀ। ਮੁਕਾਬਲੇ ਦੌਰਾਨ ਅਮਨ ਨੇ ਆਪਣਾ ਡਿਫੈਂਸ ਬਰਕਰਾਰ ਰੱਖਦਿਆਂ ਸਾਬਕਾ ਯੂਰੋਪੀਅਨ ਚੈਂਪੀਅਨ ’ਤੇ ਤਕਨੀਕੀ ਸਮਰੱਥਾ ਦੇ ਆਧਾਰ ’ਤੇ 10-0 ਨਾਲ ਜਿੱਤ ਦਰਜ ਕੀਤੀ ਸੀ। -ਪੀਟੀਆਈ
ਮਹਿਲਾਵਾਂ ਦੇ 57 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਅੰਸ਼ੂ ਮਲਿਕ ਹਾਰੀ
ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ 57 ਕਿਲੋ ਭਾਰ ਵਰਗ ਫ੍ਰੀਸਟਾਈਲ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਅਤੇ ਪੰਜਵਾਂ ਦਰਜਾ ਪ੍ਰਾਪਤ ਹੇਲੇਨ ਲੂਸੀ ਮਾਰੋਯੂਲਿਸ ਤੋਂ 2-7 ਨਾਲ ਹਾਰ ਗਈ। ਆਪਣੇ ਦੂਜੇ ਓਲੰਪਿਕ ਵਿੱਚ ਹਿੱਸਾ ਲੈ ਰਹੀ ਅੰਸ਼ੂ ਨੂੰ ਰੈਪੇਚੇਜ਼ ਵਿੱਚ ਖੇਡਣ ਲਈ ਮਾਰੋਯੂਲਿਸ ਦੇ ਫਾਈਨਲ ਤੱਕ ਪਹੁੰਚਣ ਦੀ ਉਮੀਦ ਕਰਨੀ ਪਵੇਗੀ। ਪਹਿਲੇ ਰਾਊਂਡ ਵਿੱਚ ਅਮਰੀਕਾ ਦੀ ਤਜਰਬੇਕਾਰ ਪਹਿਲਵਾਨ ਮਾਰੋਯੂਲਿਸ ਨੇ ਸ਼ੁਰੂ ਤੋਂ ਦਬਦਬਾ ਬਣਾਉਂਦਿਆਂ ਲੀਡ ਹਾਸਲ ਕੀਤੀ। ਦੂਜੇ ਰਾਊਂਡ ਵਿੱਚ ਵੀ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਮਾਰੋਯੂਲਿਸ ਨੇ ਇਹੀ ਪ੍ਰਦਰਸ਼ਨ ਜਾਰੀ ਰੱਖਦਿਆਂ ਪੰਜ ਅੰਕ ਬਣਾਏ, ਜਦਕਿ ਵਾਪਸੀ ਦੀ ਕੋਸ਼ਿਸ਼ ਵਿੱਚ ਲੱਗੀ ਅੰਸ਼ੂ ਸਿਰਫ਼ ਦੋ ਅੰਕ ਹੀ ਹਾਸਲ ਕਰ ਸਕੀ।