ਪੈਰਿਸ, 5 ਅਗਸਤ
ਭਾਰਤੀ ਪਹਿਲਵਾਨ ਨਿਸ਼ਾ ਦਾਹੀਆ ਖੱਬੇ ’ਤੇ ਸੱਟ ਲੱਗਣ ਕਾਰਨ ਸ਼ੁਰੂਆਤੀ ਲੀਡ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਮਹਿਲਾ 68 ਕਿਲੋ ਭਾਰਤ ਵਰਗ ਦੇ ਕੁਸ਼ਤੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਅੱਜ ਉੱਤਰ ਕੋਰੀਆ ਦੀ ਪਾਕ ਸੋਲ ਗਮ ਤੋਂ ਹਾਰ ਗਈ। ਸੋਲ ਗਮ ਨੇ ਨਿਸ਼ਾ ਨੂੰ 10-8 ਨਾਲ ਮਾਤ ਦਿੱਤੀ। ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਨਿਸ਼ਾ ਨੇ ਉੱਤਰ ਕੋਰੀਆ ਦੀ ਪਹਿਲਵਾਨ ਖ਼ਿਲਾਫ਼ ਸ਼ੁਰੂਆਤੀ ਕੁੱਝ ਸੈਕਿੰਡਾਂ ਵਿੱਚ ਹੀ 4-0 ਦੀ ਲੀਡ ਬਣਾ ਲਈ। ਇਸ ਮਗਰੋਂ ਉਸ ਨੇ ਤਿੰਨ ਮਿੰਟ ਦੇ ਸ਼ੁਰੂਆਤੀ ਪੀਰੀਅਡ ਦੌਰਾਨ ਰੱਖਿਆਤਮਕ ਰਵੱਈਆ ਅਪਣਾ ਕੇ ਉੱਤਰ ਕੋਰੀਆ ਦੀ ਪਹਿਲਵਾਨ ਨੂੰ ਕੋਈ ਮੌਕਾ ਨਹੀਂ ਦਿੱਤਾ। ਸੋਲ ਗਮ ਨੇ ਦੂਜੇ ਪੀਰੀਅਡ ਵਿੱਚ ਹਮਲਾਵਰ ਸ਼ੁਰੂਆਤ ਕਰਦਿਆਂ ਇੱਕ ਹਾਸਲ ਕੀਤਾ ਪਰ ਨਿਸ਼ਾ ਨੇ ਉਸ ਨੂੰ ਰਿੰਗ ਤੋਂ ਬਾਹਰ ਕਰਕੇ ਆਪਣੀ ਲੀਡ 6-1 ਕਰ ਲਈ।
ਉਸ ਨੇ ਦੋ ਹੋਰ ਅੰਕਾਂ ਨਾਲ ਆਪਣੀ ਲੀਡ ਮਜ਼ਬੂਤ ਕੀਤੀ ਪਰ ਇਸ ਦੌਰਾਨ ਉਸ ਦੇ ਖੱਬੇ ਹੱਥ ’ਤੇ ਗੁੱਝੀ ਸੱਟ ਲੱਗ ਗਈ। ਹੁਣ ਮੁਕਾਬਲੇ ਵਿੱਚ ਇੱਕ ਮਿੰਟ ਬਚਿਆ ਸੀ ਅਤੇ ਨਿਸ਼ਾ ਪੀੜ ਨਾਲ ਚੀਕਣ ਲੱਗੀ ਸੀ। ਉਸ ਨੇ ਇਲਾਜ ਮਗਰੋਂ ਖੇਡਣਾ ਸ਼ੁਰੂ ਕੀਤਾ ਪਰ ਉੱਤਰ ਕੋਰੀਆ ਦੀ ਪਹਿਲਵਾਨ ਨੂੰ ਰੋਕਣ ਵਿੱਚ ਸਫ਼ਲ ਨਾ ਹੋ ਸਕੀ। ਉਹ ਭਰੀਆਂ ਅੱਖਾਂ ਨਾਲ ਮੈਟ ਤੋਂ ਥੱਲੇ ਉੱਤਰੀ। -ਪੀਟੀਆਈ
ਨਿੱਜੀ ਕੋਚਾਂ ਲਈ ਪਾਸ ਬਣਾਉਣ ’ਚ ਰੁੱਝੇ ਰਹੇ ਪਹਿਲਵਾਨ
ਜ਼ਿਆਦਾਤਰ ਭਾਰਤੀ ਮਹਿਲਾ ਪਹਿਲਵਾਨਾਂ ਦਾ ਸਮਾਂ ਸਿਖਲਾਈ ਦੀ ਥਾਂ ਆਪਣੇ ਨਿੱਜੀ ਕੋਚਾਂ ਲਈ ਪਾਸ ਦਾ ਪ੍ਰਬੰਧ ਕਰਨ ਵਿੱਚ ਲੰਘ ਰਿਹਾ ਹੈ। ਵਿਨੇਸ਼ ਫੋਗਾਟ ਨਾਲ ਉਸ ਦਾ ਕੋਚ ਵੋਲੇਰ ਐਕੋਸ ਅਤੇ ਫਿਜ਼ੀਓ ਥੈਰੇਪਿਸਟ ਅਸ਼ਿਵਨੀ ਪਾਟਿਲ ਹੈ, ਜੋ ਭਾਰਤੀ ਟੀਮ ਦਾ ਅਧਿਕਾਰਤ ਫਿਜ਼ੀਓ ਵੀ ਹੈ। ਉਸ ਨੂੰ ਓਲੰਪਿਕ ਖੇਡਾਂ ਲਈ ਪਛਾਣ ਪੱਤਰ ਮਿਲਿਆ ਹੋਇਆ ਹੈ, ਜਦਕਿ ਬਾਹਰ ਰਹਿਣ ਵਾਲੇ ਬਾਕੀਆਂ ਨੂੰ ਖੇਡ ਪਿੰਡ ਵਿੱਚ ਆਉਣ ਲਈ ਇਜਾਜ਼ਤ ਦੀ ਲੋੜ ਹੈ। ਅੰਤਿਮ ਪੰਘਾਲ (ਮਹਿਲਾ 53 ਕਿਲੋ), ਅੰਸ਼ੂ ਮਲਿਕ (ਮਹਿਲਾ 57 ਕਿਲੋ) ਅਤੇ ਰੀਤਿਕਾ ਹੁੱਡਾ (76 ਕਿਲੋ) ਖੇਡ ਪਿੰਡ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਲਈ ਨਿੱਜੀ ਸਹਿਯੋਗੀ ਸਟਾਫ ਦੀ ਲੋੜ ਹੈ। ਇੱਕ ਸੂਤਰ ਨੇ ਦੱਸਿਆ, ‘‘ਜਦੋਂ ਖਿਡਾਰੀਆਂ ਦਾ ਧਿਆਨ ਸਿਖਲਾਈ ਤਾਂ ਹੋਣਾ ਚਾਹੀਦਾ ਹੈ, ਉਹ ਕੋਚਾਂ ਨੂੰ ਰੋਜ਼ ਪਾਸ ਦਿਵਾਉਣ ’ਚ ਰੁੱਝੇ ਹੋਏ ਹਨ।’’ ਆਈਓਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਪਹਿਲਵਾਨ ਨੈਸ਼ਨਲ ਕੋਚਾਂ ’ਤੇ ਭਰੋਸਾ ਕਿਉਂ ਨਹੀਂ ਕਰਦੇ।