ਨਵੀਂ ਦਿੱਲੀ, 24 ਜੁਲਾਈ
ਕੌਮੀ ਰਾਜਧਾਨੀ ਦਿੱਲੀ ’ਚ 34 ਵਰ੍ਹਿਆਂ ਦਾ ਨੌਜਵਾਨ ਮੰਕੀਪੌਕਸ ਵਾਇਰਸ ਤੋਂ ਪੀੜਤ ਮਿਲਿਆ ਹੈ। ਦੇਸ਼ ’ਚ ਹੁਣ ਤੱਕ ਮੰਕੀਪੌਕਸ ਦੇ ਚਾਰ ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਲਾਗ ਦੇ ਤਿੰਨ ਕੇਸ ਕੇਰਲਾ ’ਚ ਮਿਲੇ ਸਨ। ਵਿਸ਼ਵ ਸਿਹਤ ਸੰਗਠਨ ਨੇ ਸ਼ਨਿਚਰਵਾਰ ਨੂੰ ਮੰਕੀਪੌਕਸ ਵਾਇਰਸ ਨੂੰ ਆਲਮੀ ਸਿਹਤ ਐਮਰਜੈਂਸੀ ਐਲਾਨਿਆ ਸੀ। ਮੰਕੀਪੌਕਸ ਵਾਇਰਸ ਦੇ 75 ਮੁਲਕਾਂ ’ਚ 16 ਹਜ਼ਾਰ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਕੇਂਦਰ ਨੇ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੀ ਅਗਵਾਈ ਹੈਲਥ ਸਾਇੰਸਿੰਜ਼ ਦੇ ਡਾਇਰੈਕਟਰ ਜਨਰਲ ਅਤੁਲ ਗੋਇਲ ਨੇ ਕੀਤੀ। ਇਸ ’ਚ ਸਿਹਤ ਮੰਤਰਾਲੇ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਅਤੇ ਆਈਸੀਐੱਮਆਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਐੱਨਸੀਡੀਸੀ ਨੂੰ ਕਿਹਾ ਕਿ ਉਹ ਕੇਸਾਂ ਦੀ ਵਿਸਥਾਰ ਨਾਲ ਜਾਂਚ ਕਰਨ ਅਤੇ ਇਹਤਿਆਤ ਰੱਖਣ। ਦਿੱਲੀ ਦਾ ਨੌਜਵਾਨ ਕਦੇ ਵੀ ਵਿਦੇਸ਼ ਨਹੀਂ ਗਿਆ ਹੈ ਪਰ ਕੁਝ ਦਿਨ ਪਹਿਲਾਂ ਉਹ ਮਨਾਲੀ (ਹਿਮਾਚਲ ਪ੍ਰਦੇਸ਼) ’ਚ ਇਕ ਪਾਰਟੀ ’ਚ ਸ਼ਾਮਲ ਹੋਇਆ ਸੀ। ਪੱਛਮੀ ਦਿੱਲੀ ਦੇ ਵਸਨੀਕ ਨੂੰ ਲਾਗ ਦੇ ਲੱਛਣ ਦਿਖਾਈ ਪੈਣ ਮਗਰੋਂ ਉਸ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ’ਚ ਕਰੀਬ ਤਿੰਨ ਦਿਨ ਪਹਿਲਾਂ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਨਮੂਨੇ ਪੁਣੇ ਦੀ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ’ਚ ਭੇਜੇ ਗਏ ਸਨ ਜਿਥੇ ਸ਼ਨਿਚਰਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ,‘‘ਪੀੜਤ ਵਿਅਕਤੀ ਲੋਕ ਨਾਇਕ ਹਸਪਤਾਲ ਦੇ ਇਕਾਂਤਵਾਸ ਕੇਂਦਰ ’ਚ ਸਿਹਤਯਾਬ ਹੋ ਰਿਹਾ ਹੈ। ਉਸ ਦੇ ਦਰਦਨਾਕ ਜ਼ਖ਼ਮ ਹਨ ਪਰ ਹੋਰ ਬਿਮਾਰੀਆਂ ਨਹੀਂ ਹਨ। ਉਸ ਦੇ ਨੇੜਲੇ ਸੰਪਰਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕਾਂਤਵਾਸ ਕਰ ਦਿੱਤਾ ਗਿਆ ਹੈ।’’ ਡਬਲਿਊਐੱਚਓ ਮੁਤਾਬਕ ਮੰਕੀਪੌਕਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਰਗੇ ਹੁੰਦੇ ਹਨ। ਮੰਕੀਪੌਕਸ ਲਾਗ ਲੱਗਣ ਨਾਲ ਮਰੀਜ਼ ’ਚ ਬੁਖਾਰ ਅਤੇ ਚਮੜੀ ’ਤੇ ਗਿਲਟੀਆਂ ਦੇ ਲੱਛਣ ਦਿਖਾਈ ਪੈਂਦੇ ਹਨ। ਇਸ ਦੇ ਮਰੀਜ਼ ਨੂੰ ਠੀਕ ਹੋਣ ’ਚ ਦੋ ਤੋਂ ਚਾਰ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਇਹ ਲਾਗ ਪ੍ਰਭਾਵਿਤ ਜਾਨਵਰਾਂ ਤੋਂ ਮਨੁੱਖ ’ਚ ਫੈਲ ਸਕਦੀ ਹੈ। ਇਸ ਤੋਂ ਇਲਾਵਾ ਇਹ ਪੀੜਤ ਮਨੁੱਖ ਦੇ ਸੰਪਰਕ ’ਚ ਆਉਣ ’ਤੇ ਵੀ ਫੈਲਦੀ ਹੈ। ਕੇਂਦਰ ਵੱਲੋਂ ਸੂਬਿਆਂ ਅਤੇ ਯੂਟੀਜ਼ ਨੂੰ ਜਾਰੀ ‘ਮੰਕੀਪੌਕਸ ਰੋਗ ਦੇ ਪ੍ਰਬੰਧਨ ਬਾਰੇ ਦਿਸ਼ਾ-ਨਿਰਦੇਸ਼ਾਂ’ ’ਚ ਕਿਹਾ ਗਿਆ ਹੈ ਕਿ ਕੋਵਿਡ ਜ਼ਿਆਦਾ ਖ਼ਤਰਨਾਕ ਹੈ ਅਤੇ ਮੰਕੀਪੌਕਸ ਵੀ ਲਾਗ ਦਾ ਰੋਗ ਹੈ ਪਰ ਜੇਕਰ ਢੁੱਕਵੀਂ ਦੂਰੀ ਬਣਾਈ ਰੱਖੀ ਜਾਵੇ ਅਤੇ ਲੋਕ ਮਾਸਕ ਪਹਿਨਣਗੇ ਤਾਂ ਇਹ ਤੇਜ਼ੀ ਨਾਲ ਨਹੀਂ ਫੈਲੇਗਾ। ਮੰਕੀਪੌਕਸ ਦੇ ਲੱਛਣ 6 ਤੋਂ 13 ਦਿਨਾਂ ਤੱਕ ਦਿਖਾਈ ਦੇ ਸਕਦੇ ਹਨ ਪਰ ਇਹ 5 ਤੋਂ 21 ਦਿਨ ਤੱਕ ਵੀ ਰਹਿ ਸਕਦੇ ਹਨ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੰਕੀਪੌਕਸ ਤੋਂ ਪੀੜਤ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀ ਦੀ ਪਹਿਲੇ ਦਿਨ ਤੋਂ ਲੈ ਕੇ 21 ਦਿਨਾਂ ਤੱਕ ਘੱਟੋ ਘੱਟ ਦਿਨ ’ਚ ਇਕ ਵਾਰ ਜਾਂਚ ਜ਼ਰੂਰ ਹੋਣੀ ਚਾਹਦੀ ਹੈ। -ਪੀਟੀਆਈ
ਲਾਗ ਜ਼ਿਆਦਾ ਖ਼ਤਰਨਾਕ ਨਹੀਂ; ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਮਾਹਿਰ
ਨਵੀਂ ਦਿੱਲੀ: ਦੇਸ਼ ’ਚ ਮੰਕੀਪੌਕਸ ਦੇ ਚਾਰ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਿਰਾਂ ਨੇ ਕਿਹਾ ਹੈ ਕਿ ਲਾਗ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਘੱਟ ਫੈਲਦਾ ਹੈ ਅਤੇ ਮੌਤ ਹੋਣ ਦਾ ਖ਼ਦਸ਼ਾ ਬਹੁਤ ਹੀ ਘੱਟ ਹੈ। ਮਾਹਿਰਾਂ ਮੁਤਾਬਕ ਸਖ਼ਤ ਨਿਗਰਾਨੀ ਰਾਹੀਂ ਇਸ ਦੇ ਅਸਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਇਹਤਿਆਤ ਰੱਖਣ ਦੀ ਲੋੜ ਹੈ। ਮਹਾਮਾਰੀ ਮਾਹਿਰ ਅਤੇ ਲਾਗ ਦੇ ਰੋਗਾਂ ਦੇ ਡਾਕਟਰ ਚੰਦਰਕਾਂਤ ਲਹਿਰੀਆ ਨੇ ਕਿਹਾ ਕਿ ਮੰਕੀਪੌਕਸ ਕੋਈ ਨਵਾਂ ਵਾਇਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਦਹਾਕਿਆਂ ਤੋਂ ਦੁਨੀਆ ਭਰ ’ਚ ਮੌਜੂਦ ਹੈ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਅਤੇ ਉਸ ਦੇ ਸੰਪਰਕ ’ਚ ਆਏ ਲੋਕਾਂ ਨੂੰ ਇਕਾਂਤਵਾਸ ਕਰਨ ਅਤੇ ਚੇਚਕ ਦੇ ਮਨਜ਼ੂਰੀ ਪ੍ਰਾਪਤ ਟੀਕਿਆਂ ਦੀ ਵਰਤੋਂ ਕਰਕੇ ਇਸ ’ਤੇ ਨੱਥ ਪਾਈ ਜਾ ਸਕਦੀ ਹੈ। -ਪੀਟੀਆਈ