ਮਨਧੀਰ ਸਿੰਘ ਦਿਓਲ/ਏਜੰਸੀ
ਨਵੀਂ ਦਿੱਲੀ, 19 ਅਗਸਤ
ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਐੱਫਆਈਆਰ ਦਰਜ ਕਰਨ ਮਗਰੋਂ ਅੱਜ ਇਥੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਤੇ 30 ਹੋਰਨਾਂ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਕੇਂਦਰੀ ਜਾਂਚ ਏਜੰਸੀ ਨੇ ਆਈਏਐੱਸ ਅਧਿਕਾਰੀ ਤੇ ਸਾਬਕਾ ਐਕਸਾਈਜ਼ ਕਮਿਸ਼ਨਰ ਆਰਵ ਗੋਪੀ ਕ੍ਰਿਸ਼ਨਾ ਦੇ ਘਰ ਦੀ ਵੀ ਫਰੋਲਾ-ਫਰਾਲੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਅੱਜ ਦਿੱਲੀ, ਗੁੜਗਾਓਂ, ਚੰਡੀਗੜ੍ਹ, ਮੁੰਬਈ, ਹੈਦਰਾਬਾਦ, ਲਖਨਊ ਤੇ ਬੰਗਲੂਰੂ ਸਣੇ 31 ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਏਜੰਸੀ ਨੇ ਇਸ ਪੂਰੇ ਅਮਲ ਦੌਰਾਨ ਕਈ ਦਸਤਾਵੇਜ਼, ਆਰਟੀਕਲਜ਼, ਡਿਜੀਟਲ ਰਿਕਾਰਡ ਆਦਿ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਸੀਬੀਆਈ ਦੀ ਟੀਮ ਸਿਸੋਦੀਆ ਦੇ ਘਰ 14 ਘੰਟੇ ਦੇ ਕਰੀਬ ਰਹੀ। ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਟੀਮ ਜਾਂਦੇ ਹੋਏ ਉਨ੍ਹਾਂ ਦਾ ਮੋਬਾਈਲ ਫੋਨ ਲੈ ਗਈ।
ਸੀਬੀਆਈ ਵੱਲੋਂ 17 ਅਗਸਤ ਨੂੰ ਦਰਜ ਐੱਫਆਈਆਰ ਵਿੱਚ ਸਿਸੋਦੀਆ ਸਣੇ 13 ਵਿਅਕਤੀਆਂ ਤੇ ਦੋ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਐੱਫਆਈਆਰ ਵਿੱਚ ਅਪਰਾਧਿਕ ਸਾਜ਼ਿਸ਼ ਨਾਲ ਜੁੜੀਆਂ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਕਈ ਵਿਵਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਫਆਈਆਰ ਵਿੱਚ ਸਿਸੋਦੀਆ ਤੇ ਕ੍ਰਿਸ਼ਨਾ ਤੋਂ ਇਲਾਵਾ ਡਿਪਟੀ ਐਕਸਾਈਜ਼ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ, ਸਹਾਇਕ ਐਕਸਾਈਜ਼ ਕਮਿਸ਼ਨਰ ਪੰਕਜ ਭਟਨਾਗਰ ਤੇ ਨੌਂ ਕਾਰੋਬਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹੋਰਨਾਂ ਮੁਲਜ਼ਮਾਂ ਵਿੱਚ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ ‘ਓਨਲੀ ਮੱਚ ਲਾਊਡਰ’ ਦੇ ਸਾਬਕਾ ਸੀਈਓ ਵਿਜੈ ਨਾਇਰ, ਪੈਰਨੋਰਡ ਰਿਕਾਰਡ ਦੇ ਸਾਬਕਾ ਮੁਲਾਜ਼ਮ ਮਨੋਜ ਰਾਏ, ਬ੍ਰਿੰਡਕੋ ਸਪਿਰਿਟਜ਼ ਦੇ ਮਾਲਕ ਅਮਨਦੀਪ ਢੱਲ ਤੇ ਇੰਡੋ ਸਪਿਰਿਟਜ਼ ਦੇ ਮਾਲਕ ਸਮੀਰ ਮਹੇਂਦਰੂ ਸ਼ਾਮਲ ਹਨ। ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਲਿਆਂਦੀ ਆਬਕਾਰੀ ਨੀਤੀ ਵਿਚਲੀ ਬੇਨਿਯਮੀਆਂ ’ਚ ਇਨ੍ਹਾਂ ਦੀ ਸਰਗਰਮ ਭੂਮਿਕਾ ਸੀ। ਏਜੰਸੀ ਨੇ ਇਹ ਦਾਅਵਾ ਵੀ ਕੀਤਾ ਕਿ ਗੁੜਗਾਓਂ ਵਿੱਚ ਬਡੀ ਰਿਟੇਲ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਅਮਿਤ ਅਰੋੜਾ, ਦਿਨੇਸ਼ ਅਰੋੜਾ ਤੇ ਅਰਜੁਨ ਪਾਂਡੇ- ਸਿਸੋਦੀਆ ਦੇ ‘ਨੇੜਲੇ ਸਹਾਇਕ’ ਹਨ ਤੇ ਉਨ੍ਹਾਂ ਦੀ ਵਿੱਤੀ ਬੇਨਿਯਮੀਆਂ ’ਚ ਭੂਮਿਕਾ ਸੀ। ਕੇਜਰੀਵਾਲ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਦਿੱਲੀ ਆਬਕਾਰੀ ਨੀਤੀ ਨੂੰ ਨੇਮਬੱਧ ਕੀਤਾ ਤੇ ਅਮਲ ਵਿੱਚ ਲਿਆਂਦਾ ਸੀ। ਪਿਛਲੇ ਮਹੀਨੇ ਉਪ ਰਾਜਪਾਲ ਵੀ.ਕੇ.ਸਕਸੈਨਾ ਦੀ ਸਿਫਾਰਸ਼ ’ਤੇ ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਮੌਕੇ ਕਥਿਤ ਬੇਨਿਯਮੀਆਂ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। ਉਪ ਰਾਜਪਾਲ ਨੇ ਇਸ ਮੁੱਦੇ ਨੂੰ ਲੈ ਕੇ 11 ਐਕਸਾਈਜ਼ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਸਿਸੋਦੀਆ ਨੇ ਉਦੋਂ ਕਥਿਤ ਬੇਨਿਯਮੀਆਂ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸੀਬੀਆਈ ਜਾਂਚ ਦੀ ਸਿਫਾਰਸ਼ ਦਿੱਲੀ ਦੇ ਮੁੱਖ ਸਕੱਤਰ ਵੱਲੋਂ ਦਾਇਰ ਰਿਪੋਰਟ ਦੀਆਂ ਲੱਭਤਾਂ ’ਤੇ ਆਧਾਰਿਤ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਰਾਬ ਲਾਇਸੈਂਸਧਾਰਕਾਂ ਨੂੰ ਨਾਜਾਇਜ਼ ਵਿੱਤੀ ਲਾਭ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ।
ਦਿੱਲੀ ਪੁਲੀਸ ਨੇ ਨਫ਼ਰੀ ਵਧਾਈ
ਨਵੀਂ ਦਿੱਲੀ(ਪੱਤਰ ਪ੍ਰੇਰਕ): ਸੀਬੀਆਈ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਣੇ 21 ਟਿਕਾਣਿਆਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਪੁਲੀਸ ਦੀ ਨਫ਼ਰੀ ਵਧਾ ਦਿੱਤੀ। ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਦੇ ਆਲੇ-ਦੁਆਲੇ ਅਤੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ। ਸਿਸੋਦੀਆ ਦੀ ਰਿਹਾਇਸ਼ ਤੇ ਮਥੁਰਾ ਰੋਡ ਇਲਾਕੇ ਦੇ ਆਲੇ-ਦੁਆਲੇ ਵੀ ਧਾਰਾ 144 ਆਇਦ ਕਰ ਦਿੱਤੀ। ਕੇਂਦਰ ਸਰਕਾਰ ਨੇ ਇਹਤਿਆਤ ਵਜੋਂ ਦਿੱਲੀ ਦੇ ਸਾਰੇ 14 ਜ਼ਿਲ੍ਹਿਆਂ ਦੇ ਡੀਸੀਪੀਜ਼ ਨੂੰ ਪੁਲੀਸ ਬਲ ਦੀ ਇੱਕ-ਇੱਕ ਕੰਪਨੀ, ਇੱਕ ਵਾਧੂ ਡੀਸੀਪੀ ਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐਫ) ਦੀਆਂ 5 ਕੰਪਨੀਆਂ ਇੱਕ ਥਾਂ ਭੇਜਣ ਲਈ ਕਿਹਾ। ਅਧਿਕਾਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਦੇ ਖਦਸ਼ੇ ਕਾਰਨ ਇਹ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਭੇਜਣ ਦਾ ਫੈਸਲਾ ਦਿੱਲੀ ਪੁਲੀਸ ਦੀ ਵਿਸ਼ੇਸ਼ ਸ਼ਾਖਾ ਨੂੰ ਇਨਪੁਟ ਮਿਲਣ ਤੋਂ ਬਾਅਦ ਲਿਆ ਗਿਆ ਸੀ
ਏਜੰਸੀਆਂ ਦੀ ਦੁਰਵਰਤੋਂ ਨਾਲ ਭਰੋਸੇਯੋਗਤਾ ਨੂੰ ਖੋਰਾ ਲੱਗਾ: ਕਾਂਗਰਸ
ਕਾਂਗਰਸ ਨੇ ਕਿਹਾ ਕਿ ਸਿਆਸੀ ਵਿਰੋਧੀਆਂ ਨੂੰ ਠਿੱਬੀ ਲਾਉਣ ਲਈ ਏਜੰਸੀਆਂ ਦੀ ‘ਦੁਰਵਰਤੋਂ’ ਨੇ ਇਨ੍ਹਾਂ ਦੀ ਭਰੋਸੇਯੋਗਤਾ ਨੂੰ ਖੋਰਾ ਲਾਇਆ ਹੈ ਤੇ ਭ੍ਰਿਸ਼ਟਾਚਾਰ ਵਿੱਚ ਗਲਤਾਨ ਲੋਕਾਂ ਨੂੰ ਬਚ ਨਿਕਲਣ ਦਾ ਮੌਕਾ ਦਿੱਤਾ ਜਾ ਰਿਹੈ। ਪਾਰਟੀ ਤਰਜਮਾਨ ਪਵਨ ਖੇੜਾ ਨੇ ਟਵਿੱਟਰ ’ਤੇ ਕਿਹਾ, ‘‘ਸਿਆਸੀ ਵਿਰੋਧੀਆਂ ਵਿਰੁੱਧ ਏਜੰਸੀਆਂ ਦੀ ਲਗਾਤਾਰ ਦੁਰਵਰਤੋਂ ਦਾ ਦੂਜਾ ਪੱਖ ਇਹ ਹੈ ਕਿ ਏਜੰਸੀਆਂ ਦੀਆਂ ਜਾਇਜ਼, ਸਹੀ ਕਾਰਵਾਈਆਂ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀਆਂ ਹਨ।’’ ਉਧਰ ਸਾਬਕਾ ਮੁੱਖ ਮੰਤਰੀ ਮਰਹੂਮ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨੇ ਕਿਹਾ ਕਾਂਗਰਸ ਇਹ ਮੰਨਦੀ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਦਿੱਲੀ ਵਿੱਚ ਮਿਲੀਭੁਗਤ ਨਾਲ ਕੰਮ ਕੀਤਾ ਹੈ। -ਪੀਟੀਆਈ
ਸਾਜ਼ਿਸ਼ਾਂ ਮੈਨੂੰ ਤੋੜ ਨਹੀਂ ਸਕਦੀਆਂ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਜਾਂਚ ਏਜੰਸੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ਸਣੇ 20 ਹੋਰਨਾਂ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੇ ਹਵਾਲੇ ਨਾਲ ਕਿਹਾ ਕਿ ਸਾਜ਼ਿਸ਼ਾਂ ਨਾਲ ਉਹ ਟੁੱਟਣ ਵਾਲੇ ਨਹੀਂ ਹਨ ਤੇ ਨਾ ਹੀ ਚੰਗੀ ਸਿੱਖਿਆ ਨੂੰ ਲੈ ਕੇ ਕੰਮ ਕਰਨ ਦਾ ਉਨ੍ਹਾਂ ਦਾ ਪੱਕਾ ਇਰਾਦਾ ਡੋਲੇਗਾ। ਸਿਸੋਦੀਆ ਨੇ ਟਵੀਟ ਕੀਤਾ ਕਿ ਸੀਬੀਆਈ ਪਹੁੰਚ ਗਈ ਹੈ ਤੇ ਉਨ੍ਹਾਂ ਦਾ ਸਵਾਗਤ ਹੈ। ਉਪ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਇਮਾਨਦਾਰ ਹਾਂ ਤੇ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਾਂ। ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਦੇਸ਼ ਵਿੱਚ ਚੰਗਾ ਕੰਮ ਕਰਨ ਵਾਲਿਆਂ ਨੂੰ ਇੰਜ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡਾ ਮੁਲਕ ਅਜੇ ਤੱਕ ਨੰਬਰ ਇਕ ਨਹੀਂ ਬਣ ਸਕਿਆ।’’ ਸਿਸੋਦੀਆ ਨੇ ਸੀਬੀਆਈ ਛਾਪਿਆਂ ਮਗਰੋਂ ਪੋਸਟ ਕੀਤੇ ਲੜੀਵਾਰ ਟਵੀਟ ਵਿੱਚ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ ਤਾਂ ਕਿ ਸੱਚ ਛੇਤੀ ਸਾਰਿਆਂ ਦੇ ਸਾਹਮਣੇ ਆਏ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਹੁਣ ਤੱਕ ਮੇਰੇ ਖਿਲਾਫ਼ ਕਈ ਕੇਸ ਦਰਜ ਕੀਤੇ ਗਏ ਹਨ, ਪਰ ਕੁਝ ਨਹੀਂ ਨਿਕਲਿਆ। ਇਸ ਕੇਸ ਵਿਚੋਂ ਵੀ ਕੁਝ ਨਹੀਂ ਨਿਕਲਣਾ। ਇਸ ਦੇਸ਼ ਵਿੱਚ ਚੰਗੀ ਸਿੱਖਿਆ ਲਈ ਮੇਰੇ ਕੰਮ ਨੂੰ ਨਹੀਂ ਰੋਕਿਆ ਜਾ ਸਕਦਾ।’’ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਦਿੱਲੀ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਕੀਤੇ ਸ਼ਾਨਦਾਰ ਕੰਮ ਤੋਂ ਤਕਲੀਫ਼ ਹੈ। ਇਹੀ ਵਜ੍ਹਾ ਹੈ ਕਿ ਦਿੱਲੀ ਦੇ ਸਿੱਖਿਆ ਤੇ ਸਿਹਤ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਕਿਹਾ, ‘‘ਸਾਡੇ ਖਿਲਾਫ਼ ਲੱਗੇ ਦੋਸ਼ ਝੂਠੇ ਹਨ ਤੇ ਅਦਾਲਤ ਵਿੱਚ ਸੱਚ ਸਾਰਿਆਂ ਦੇ ਸਾਹਮਣੇ ਹੋਵੇਗਾ। ਮੈਂ ਤੁਹਾਡੀਆਂ ਸਾਜ਼ਿਸ਼ਾਂ ਨਾਲ ਟੁੱਟਣ ਵਾਲਾ ਨਹੀਂ ਹਾਂ। ਮੈਂ ਦਿੱਲੀ ਦੇ ਲੱਖਾਂ ਬੱਚਿਆਂ ਲਈ ਇਹ ਸਕੂਲ ਬਣਾਏ ਹਨ। ਇਨ੍ਹਾਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਲਿਆਂਦੀ ਮੁਸਕਾਨ ਮੇਰੀ ਤਾਕਤ ਹੈ। ਤੁਹਾਡਾ ਇਰਾਦਾ ਮੈਨੂੰ ਤੋੜਨ ਦਾ ਹੈ।’’ -ਪੀਟੀਆਈ
ਸੀਬੀਆਈ ਦੇ ਛਾਪੇ ਚੰਗੇ ਕੰਮ ਦਾ ‘ਇਨਾਮ’: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੀ ਰਿਹਾਇਸ਼ ’ਤੇ ਸੀਬੀਆਈ ਛਾਪਿਆਂ ਨੂੰ ‘ਆਪ’ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਦਾ ‘ਇਨਾਮ’ ਦੱਸਿਆ ਹੈ। ਉਨ੍ਹਾਂ ਨਿਊ ਯਾਰਕ ਟਾਈਮਜ਼ ਵਿੱਚ ਛਪੀ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ਇਸੇ ਕਾਰਗੁਜ਼ਾਰੀ ਦੀ ਅੱਜ ਆਲਮੀ ਪੱਧਰ ’ਤੇ ਤਾਰੀਫ਼ ਹੋ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਪਹਿਲਾਂ ਵੀ ਛਾਪੇ ਮਾਰਦੀ ਰਹੀ ਹੈ ਤੇ ਐਤਕੀਂ ਵੀ ਇਨ੍ਹਾਂ ’ਚੋਂ ਕੁਝ ਨਹੀਂ ਨਿਕਲਣਾ। ਕੇਜਰੀਵਾਲ ਨੇ ਟਵੀਟ ਕੀਤਾ, ‘‘ਸੀਬੀਆਈ ਦਾ ਸਵਾਗਤ ਹੈ। ਅਸੀਂ ਪੂਰਾ ਸਹਿਯੋਗ ਦੇਵਾਂਗੇ। ਇਸ ਤੋਂ ਪਹਿਲਾਂ ਵੀ ਛਾਪੇ ਪਏ ਤੇ ਜਾਂਚ ਹੋਈ। ਪਰ ਕੁਝ ਨਹੀਂ ਨਿਕਲਿਆ, ਤੇ ਐਤਕੀਂ ਵੀ ਕੁਝ ਨਹੀਂ ਨਿਕਲਣਾ।’’ ਕੇਜਰੀਵਾਲ ਨੇ ਮਗਰੋਂ ਵਰਚੁਅਲ ਸੰਬੋਧਨ ਦੌਰਾਨ ਆਪਣੇ ਡਿਪਟੀ ਮਨੀਸ਼ ਸਿਸੋਦੀਆ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਸਿੱਖਿਆ ਮੰਤਰੀ ਦੱਸ ਕੇ ਤਾਰੀਫ਼ ਕੀਤੀ। ‘ਨਿਊ ਯਾਰਕ ਟਾਈਮਜ਼’ ਦੇ ਮੂਹਰਲੇ ਸਫ਼ੇ ’ਤੇ ਦਿੱਲੀ ਦੇ ਸਿੱਖਿਆ ਮਾਡਲ ਦੇ ਹਵਾਲੇ ਨਾਲ ਛਪੀ ਖ਼ਬਰ ਦੇ ਹਵਾਲੇ ਨਾਲ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਸਿਸੋਦੀਆ ਨੂੰ ‘ਸਭ ਤੋਂ ਵਧੀਆ ਸਿੱਖਿਆ ਮੰਤਰੀ’ ਐਲਾਨਿਆ ਗਿਆ ਹੈ, ਸੀਬੀਆਈ ਨੇ ਉਸੇ ਦਿਨ ਉਹਦੇ ਘਰ ’ਤੇ ਛਾਪਾ ਮਾਰਿਆ। ‘ਆਪ’ ਸੁਪਰੀਮੋ ਨੇ ਕਿਹਾ, ‘‘ਪਰ ਘਬਰਾਉਣ ਦੀ ਲੋੜ ਨਹੀਂ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਦੇ ਸਭ ਤੋਂ ਵੱਡੇ ਅਖ਼ਬਾਰ ਦੇ ਮੂਹਰਲੇ ਸਫ਼ੇ ’ਤੇ ਮਨੀਸ਼ ਸਿਸੋਦੀਆ ਦਾ ਨਾਮ ਹੈ।’’ ਕੇਜਰੀਵਾਲ ਨੇ ਕਿਹਾ, ‘‘ਇਕ ਤਰੀਕੇ ਨਾਲ ਸਿਸੋਦੀਆ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਸਿੱਖਿਆ ਮੰਤਰੀ ਐਲਾਨਿਆ ਗਿਆ ਹੈ। ਸਭ ਤੋਂ ਵੱਡੇ ਅਖ਼ਬਾਰ ਨੇ ਦਿੱਲੀ ਦੇ ਸਿੱਖਿਆ ਇਨਕਲਾਬ ਬਾਰੇ ਲਿਖਿਆ ਹੈ ਤੇ ਸਿਸੋਦੀਆ ਦੀ ਤਸਵੀਰ ਵੀ ਛਾਪੀ ਹੈ।’’ ਕੇਜਰੀਵਾਲ ਨੇ ਕਿਹਾ ਕਿ ਉਹ ਡਰਨ ਵਾਲਿਆਂ ’ਚੋਂ ਨਹੀਂ ਹਨ। -ਪੀਟੀਆਈ
ਈਡੀ ਵੀ ਕਰ ਸਕਦੀ ਹੈ ਮਾਮਲੇ ਦੀ ਜਾਂਚ
ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਕੇਸ ਵਿੱਚ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਨੁਕਤੇ ਤੋਂ ਜਾਂਚ ਕਰ ਸਕਦਾ ਹੈ। ਸੂਤਰਾਂ ਮੁਤਾਬਕ ਸੰਘੀ ਏਜੰਸੀ ਮਨੀ ਲਾਂਡਰਿੰਗ ਕਾਨੂੰਨ ਦੀਆਂ ਫੌਜਦਾਰੀ ਧਾਰਾਵਾਂ ਤਹਿਤ ਰਸਮੀ ਕੇਸ ਦਰਜ ਕਰਨ ਤੋਂ ਪਹਿਲਾਂ ਸੀਬੀਆਈ ਤੋਂ ਕੇਸ ਦੀ ਜਾਣਕਾਰੀ ਲਏਗੀ। ਵੱਖ ਵੱਖ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇਗੀ। -ਪੀਟੀਆਈ
ਮਸਲਾ ਸਿੱਖਿਆ ਦਾ ਨਹੀਂ ਆਬਕਾਰੀ ਨੀਤੀ ਦਾ ਹੈ: ਅਨੁਰਾਗ ਠਾਕੁਰ
ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਮਨੀਸ਼ ਸਿਸੋਦੀਆ ਦੀ ਰਿਹਾਇਸ਼ ’ਤੇ ਸੀਬੀਆਈ ਦੇ ਛਾਪੇ ਲਈ ਕੇੇਜਰੀਵਾਲ ਸਰਕਾਰ ਨੂੰ ਨਿਸ਼ਾਨਾ ਬਣਾਇਆ। ਠਾਕੁਰ ਨੇ ਸਿਸੋਦੀਆ ਨੂੰ ‘ਬਹਾਨੇਬਾਜ਼ ਮੰਤਰੀ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿੱਖਿਆ ਦਾ ਨਹੀਂ ਬਲਕਿ ਆਬਕਾਰੀ ਨੀਤੀ ਦਾ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਅੱਜ, ਮੁੱਦਾ ਸ਼ਰਾਬ ਦੇ ਲਾਇਸੈਂਸਾਂ ਦਾ ਹੈ ਤੇ ਇਸ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਜਿਸ ਦਿਨ ਸੀਬੀਆਈ ਨੂੰ ਮਾਮਲੇ ਦੀ ਜਾਂਚ ਸੌਂਪੀ, ਉਨ੍ਹਾਂ ਆਬਕਾਰੀ ਨੀਤੀ ਨੂੰ ਉਲਟਾ ਦਿੱਤਾ ਸੀ।’’ -ਪੀਟੀਆਈ
ਸਿਸੋਦੀਆ ਦੀ ਰਿਹਾਇਸ਼ ਬਾਹਰ ‘ਆਪ’ ਕਾਰਕੁਨਾਂ ਨੂੰ ਹਿਰਾਸਤ ’ਚ ਲਿਆ
ਨਵੀਂ ਦਿੱਲੀ: ਸੀਬੀਆਈ ਛਾਪੇ ਦੇ ਰੋਸ ਵਜੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ‘ਆਪ’ ਕਾਰਕੁਨਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਕਾਰਕੁਨਾਂ ਨੂੰ ਜਿਉਂ ਹੀ ਪਤਾ ਲੱਗਾ ਕਿ ਸੀਬੀਆਈ ਨੇ ਸਿਸੋਦੀਆ ਦੀ ਸਰਕਾਰੀ ਰਿਹਾਇਸ਼ ਉਪਰ ਛਾਪਾ ਮਾਰਿਆ ਹੈ ਤਾਂ ਉਹ ਮਥੁਰਾ ਰੋਡ ਸਥਿਤ ਸਿਸੋਦੀਆ ਦੀ ਰਿਹਾਇਸ਼ ’ਤੇ ਪੁੱਜ ਗਏ। ਕਾਰਕੁਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਵੱਲੋਂ ਲਾਈਆਂ ਰੋਕਾਂ ਲੰਘਣ ਦੀ ਕੋਸ਼ਿਸ਼ ਕਰਦੇ ‘ਆਪ’ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਬੱਸਾਂ ਵਿੱਚ ਬਿਠਾ ਕੇ ਨੇੜਲੇ ਵਸੰਤ ਕੁੰਜ ਪੁਲੀਸ ਸਟੇਸ਼ਨ ਲੈ ਗਈ। -ਪੀਟੀਆਈ