ਸ਼ਗਨ ਕਟਾਰੀਆ
ਬਠਿੰਡਾ, 7 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੋਸ਼ ਲਾਇਆ ਹੈ ਕਿ ਲੰਘੀ ਰਾਤ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ ਦੋ ਦਰਜਨ ਤੋਂ ਵੱਧ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। ਹਾਲਾਂ ਕਿ ਕਿਸੇ ਵੀ ਪੁਲੀਸ ਅਧਿਕਾਰੀ ਵੱਲੋਂ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਲੰਘੀ ਰਾਤ ਪੁਲੀਸ ਨੇ ਮਹਿਮਾ ਸਰਜਾ ਪਰਾਲੀ ਕਾਂਡ ਦੇ ਕੇਸ ’ਚ ਕਥਤਿ ਤੌਰ ’ਤੇ ਸ਼ਾਮਲ ਦੋ ਨਾਜ਼ਮਦ ਕਿਸਾਨਾਂ ਸ਼ਿਵਰਾਜ ਸਿੰਘ ਅਤੇ ਸੁਰਜੀਤ ਸਿੰਘ ਨੂੰ ਹਿਰਾਸਤ ’ਚ ਲਿਆ ਹੈ। ਸੁਰਜੀਤ ਸਿੰਘ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦਾ ਪ੍ਰਧਾਨ ਹੈ।
ਸ਼ਨਿਚਰਵਾਰ ਨੂੰ ਵੀਡੀਓ ਵਾਇਰਲ ਹੋਈ ਸੀ। ਵੀਡੀਓ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਖੇਤਾਂ ’ਚ ਪਰਾਲੀ ਨੂੰ ਅੱਗ ਲਾਉਣ ਬਾਰੇ ਸੀ। ਵੀਡੀਓ ’ਚ ਕਿਸਾਨ ਜਥੇਬੰਦੀ ਵੱਲੋਂ ਅੱਗ ਲਾਉਣ ਵਾਲੇ ਖੇਤਾਂ ਦੀ ਨਿਸ਼ਾਨਦੇਹੀ ਕਰਨ ਗਏ ਨੋਡਲ ਅਫ਼ਸਰ ਨੂੰ ਬੰਦੀ ਬਣਾ ਕੇ ਉਸ ਨਾਲ ਅਪਮਾਨਜਨਕ ਵਿਵਹਾਰ ਕਰਨ ਤੋਂ ਇਲਾਵਾ ਉਸ ਦੇ ਹੱਥ ਮਾਚਿਸ ਫੜ੍ਹਾ ਕੇ ਜਬਰਦਸਤੀ ਖੇਤ ’ਚ ਪਰਾਲੀ ਨੂੰ ਅੱਗ ਲੁਆਈ ਜਾਂਦੀ ਹੈ। ਵੀਡੀਓ ਵਾਇਰਲ ਤੋਂ ਕੁਝ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਜ਼ਮਾਂ ’ਤੇ ਪਰਚਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਜਾਂਦੇ ਹਨ ਅਤੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਾਗ਼ਰ ਦੀ ਸ਼ਿਕਾਇਤ ’ਤੇ ਥਾਣਾ ਨੇਹੀਆਂ ਵਾਲਾ ਵਿਚ 9 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਤਿ ਪਰਚਾ ਦਰਜ ਕਰ ਲਿਆ ਜਾਂਦਾ ਹੈ। 6 ਨਵੰਬਰ ਨੂੰ ਬਠਿੰਡਾ ’ਚ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਇਸ ਮਾਮਲੇ ’ਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾਂਦੀ ਹੈ ਅਤੇ ਰਾਤ ਨੂੰ ਕਥਤਿ ਤੌਰ ’ਤੇ ਪ੍ਰਸ਼ਾਸਨ ਵੱਲੋਂ ਐਕਸ਼ਨ ਲੈ ਲਿਆ ਜਾਂਦਾ ਹੈ। ਪੁਲੀਸ ਵੱਲੋਂ ਲੰਘੀ ਰਾਤ ਦੋ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਪਿੱਛੋਂ ਜਥੇਬੰਦੀ ਦੇ ਵਰਕਰ ਅਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਰਾਤ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਤੁਰੰਤ ਮਹਿਮਾ ਸਰਜਾ ਪਹੁੰਚਣ ਦੀ ਡਿਊਟੀ ਲਾਈ ਗਈ। ਜਦੋਂ ਉਹ ਪਿੰਡ ਭੋਖੜਾ ਨੇੜੇ ਪੁੱਜਾ ਤਾਂ ਕਥਤਿ ਪਿੱਛਾ ਕਰ ਰਹੀ ਪੁਲੀਸ ਪਾਰਟੀ ਨੇ ਉਸ ਨੂੰ ਰੋਕ ਕੇ ਹਿਰਾਸਤ ’ਚ ਲੈ ਲਿਆ। ਉਨ੍ਹਾਂ ਖੁਲਾਸਾ ਕੀਤਾ ਕਿ ਰਾਤ ਥਾਣੇ ਅੱਗੇ ਪ੍ਰਦਰਸ਼ਨ ਲਈ ਪਹੁੰਚੇ ਕਿਸਾਨਾਂ ’ਚੋਂ ਕਰੀਬ ਦੋ ਦਰਜਨ ਤੋਂ ਵੱਧ ਨੂੰ ਹਿਰਾਸਤ ’ਚ ਲੈ ਕੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਰੱਖਿਆ ਗਿਆ ਹੈ।
ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਇਸ ਮਾਮਲੇ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਲਈ ਪਿੰਡ ਮੰਡੀ ਕਲਾਂ ’ਚ ਮੀਟਿੰਗ ਸੱਦ ਲਈ ਗਈ ਹੈ।