ਸੀ ਮਾਰਕੰਡਾ
ਤਪਾ ਮੰਡੀ, 21 ਅਗਸਤ
ਮਾਲਵਾ ਖੇਤਰ ਦੀ ਇਸ ਕਪਾਹ ਪੱਟੀ ਵਿੱਚ ਨਰਮੇ ਦੇ ਕਾਸ਼ਤਕਾਰ ਕਾਫੀ ਚਿੰਤਤ ਹਨ। ਤਪਾ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਨਰਮੇ ਦੀ ਖੜ੍ਹੀ ਫ਼ਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਹਮਲਾ ਹੋ ਰਿਹਾ ਹੈ। ਵਾਰ-ਵਾਰ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਕਰਨ ਦੇ ਬਾਵਜੂਦ ਕੋਈ ਰੋਕਥਾਮ ਨਹੀਂ ਹੋ ਰਹੀ। ਕਈ ਕਿਸਾਨ ਨਿਰਾਸ਼ ਹੋ ਕੇ ਆਪਣੀ ਫਸਲ ਵਾਹ ਰਹੇ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਇਸ ਖ਼ਤਰੇ ਨੂੰ ਦੇਖਦਿਆਂ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਵੱਲੋਂ ਬੀਜੇ ਨਰਮੇ ਦੀ ਫਸਲ ਵਾਲੇ ਖੇਤਾਂ ਦਾ ਦੌੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਦੇਖਿਆ ਗਿਆ ਕਿ ਨਰਮੇ ਦੀ ਫਸਲ ਠੀਕ ਠਾਕ ਹੈ। ਜਿੱਥੇ ਕਿਤੇ ਕੋਈ ਖਰਾਬੀ ਨਜ਼ਰ ਆਈ ਉੱਥੇ ਕਿਸਾਨਾਂ ਨੂੰ ਮਿਆਰੀ ਦਵਾਈ ਵਰਤਣ ਦੀ ਸਲਾਹ ਦਿੱਤੀ ਗਈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਵੀ ਫਸਲ ’ਤੇ ਕੀੜੇ ਮਕੌੜੇ/ਬਿਮਾਰੀ ਦਾ ਹਮਲਾ ਦੇਖਣ ਨੂੰ ਮਿਲੇ ਤਾਂ ਤੁਰੰਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਆਪ ਜਾਂ ਕਿਸੇ ਦੇ ਮਗਰ ਲੱਗ ਕੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਨਾਲ ਕਿਸਾਨ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਵੀਰ ਹਮੇਸ਼ਾ ਖੇਤੀਬਾੜੀ ਮਾਹਿਰਾਂ ਵੱਲੋਂ ਦੱਸੀਆਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਦਵਾਈਆਂ ਦੀ ਹੀ ਵਰਤੋਂ ਕਰਨ।