ਕੇਪੀ ਸਿੰਘ
ਗੁਰਦਾਸਪੁਰ, 31 ਮਈ
ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਨੌਜਵਾਨ ਕਿਸਾਨ ਵੱਲੋਂ ਆੜ੍ਹਤੀ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਗਈ। ਕਿਸਾਨ ਵੱਲੋਂ ਆਤਮਹੱਤਿਆ ਤੋਂ ਪਹਿਲਾਂ ਲਾਈਵ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਵਨਦੀਪ ਨੇ ਕਿਹਾ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਬੰਟੀ ਭਾਟੀਆ ਹੋਵੇਗਾ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਉਹ ਬੇਹੱਦ ਪ੍ਰੇਸ਼ਾਨ ਰਿਹਾ। ਥਾਣਾ ਡੇਰਾ ਬਾਬਾ ਨਾਨਕ ਵੱਲੋਂ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨ ’ਤੇ ਆੜ੍ਹਤੀ ਬੰਟੀ ਭਾਟੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਪਤੀ ਪਵਨਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾ ਆੜ੍ਹਤੀ ਬੰਟੀ ਭਾਟੀਆ ਵਾਸੀ ਫ਼ਤਹਿਗੜ੍ਹ ਚੂੜੀਆਂ ਤੋਂ ਆਪਣੇ ਲੜਕੇ ਦੀ ਬਿਮਾਰੀ ਅਤੇ ਘਰੇਲੂ ਜ਼ਰੂਰਤ ਵਾਸਤੇ ਕਰੀਬ 2 ਲੱਖ ਰੁਪਏ ਲਏ ਸਨ। ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਸਮੇਂ ਸਿਰ ਵਾਪਸ ਨਹੀਂ ਕੀਤੇ ਗਏ। ਆੜ੍ਹਤੀ ਨੇ ਵਿਆਜ ਪਾ ਕੇ ਰਕਮ ਜ਼ਿਆਦਾ ਬਣਾ ਲਈ ਅਤੇ ਕੋਈ ਹਿਸਾਬ ਨਹੀਂ ਕੀਤਾ ਅਤੇ ਉਸ ਦੇ ਬਦਲੇ ਟਰੈਕਟਰ 275 ਮਹਿੰਦਰਾ ਵੀ ਕਰੀਬ 6 ਮਹੀਨੇ ਪਹਿਲਾ ਲੈ ਗਿਆ। ਟਰੈਕਟਰ ਲਿਜਾਣ ਬਾਅਦ ਵੀ ਕੋਈ ਹਿਸਾਬ ਨਹੀਂ ਕੀਤਾ ਗਿਆ। ਉਸ ਦੇ ਪਤੀ ਨੇ ਸਫ਼ੈਦੇ ਵੇਚ ਕੇ 1 ਲੱਖ ਰੁਪਏ ਵੀ ਦਿੱਤੇ। ਬਲਵਿੰਦਰ ਕੌਰ ਦੋਸ਼ ਲਗਾਇਆ ਕਿ ਬੰਟੀ ਭਾਟੀਆ ਧਮਕੀਆਂ ਦਿੰਦਾ ਸੀ ਕਿ ਜੇ ਤੁਸੀਂ ਪੈਸੇ ਹੋਰ ਨਾ ਦਿੱਤੇ ਤਾਂ ਜੋ ਖ਼ਾਲੀ ਚੈੱਕ ਦਿੱਤੇ ਗਏ ਹਨ ਉਨ੍ਹਾਂ ਉਪਰ ਵੱਧ ਰਕਮ ਭਰ ਕੇ ਅਦਾਲਤ ਵਿੱਚ ਕੇਸ ਕਰ ਦੇਵੇਗਾ। 28 ਮਈ ਨੂੰ ਆੜ੍ਹਤੀ ਘਰ ਆ ਕੇ ਕਥਿਤ ਧਮਕੀਆਂ ਵੀ ਦੇ ਕੇ ਗਿਆ। 30 ਮਈ ਨੂੰ ਕਾਰਜ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਪਵਨਦੀਪ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ, ਜੋ ਝੰਗੀਆਂ ਮੋੜ ਡੇਰਾ ਬਾਬਾ ਨਾਨਕ ਵਿਖੇ ਪਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਕਿਸਾਨ ਪਵਨਦੀਪ ਸਿੰਘ ਵੱਲੋਂ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਉਸ ਨੇ ਆੜ੍ਹਤੀ ਬੰਟੀ ਭਾਟੀਆ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਪੁਲੀਸ ਵੱਲੋਂ ਆੜ੍ਹਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।