ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 3 ਅਪਰੈਲ
ਅੱਜ ਕੱਲ੍ਹ ਜਿਥੇ ਔਰਤਾਂ ਦਫ਼ਤਰੀ ਕੰਮਕਾਜ ਵਿੱਚ ਮਰਦਾਂ ਦੇ ਬਰਾਬਰ ਕਦਮ ਰੱਖ ਰਹੀਆਂ ਹਨ ਉੱਥੇ ਹੱਥੀਂ ਕਿਰਤ ਕਰਨ ਵਿੱਚ ਵੀ ਉਹ ਕਿਸੇ ਤੋਂ ਘੱਟ ਨਹੀਂ ਹਨ। ਨਿਹਾਲ ਸਿੰਘ ਵਾਲਾ ਖੇਤਰ ਵਿੱਚ ਕਣਕ ਨੇ ਸੁਨਹਿਰੀ ਰੰਗ ਵਟਾ ਲਿਆ ਹੈ ਭਾਵ ਕਣਕ ਨੂੰ ਦਾਤੀ ਪੈ ਗਈ ਹੈ। ਕੰਬਾਈਨ ਅਜੇ ਕੱਝ ਦਿਨ ਠਹਿਰ ਕੇ ਚੱਲਣ ਦੀ ਸੰਭਾਵਨਾ ਹੈ। ਇਸ ਵਾਰ ਔਰਤਾਂ ਨੇ ਇਕੱਲਿਆਂ ਹੀ ਹਾੜੀ ਵੱਢਣ ਦੀ ਕਮਾਂਡ ਸੰਭਾਲ ਲਈ ਹੈ। ਹਾੜ੍ਹੀ ਵੱਢ ਰਹੀਆਂ ਗਿਆਰਾਂ ਕਿਰਤੀ ਔਰਤਾਂ ਨੇ ਦੱਸਿਆ ਕਿ ਉਹ ਅੱਜ ਪਹਿਲੇ ਦਿਨ ਹਾੜ੍ਹੀ ਵੱਢਣ ਲੱਗੀਆਂ ਹਨ ਤੇ ਉਹ ਦਿਹਾੜੀ ’ਤੇ ਕਣਕ ਵੱਢ ਰਹੀਆਂ ਹਨ। ਇਸ ਵਾਰ ਕਣਕ ਤੂੜੀ ਦੇ ਠੇਕੇ ਦੀ ਬਜਾਏ ਦਿਹਾੜੀ ’ਤੇ ਹੀ ਵੱਢਣਗੀਆਂ। ਉਹ ਕਿਹੜਾ ਕਿਸੇ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੌਕਰੀ, ਅਫ਼ਸਰੀ ਵੀ ਕਰ ਸਕਦੀਆਂ ਹਨ। ਉਹ ਰਾਜਗਿਰੀ ’ਚ ਦਿਹਾੜੀ ਕਰਦੀਆਂ ਰਹੀਆਂ ਹਨ। ਉਹ ਪਹਿਲਾਂ ਘਰ ਦੇ ਜੀਅ ਬੱਚਿਆਂ ਪਰਿਵਾਰ ਨਾਲ ਠੇਕੇ ’ਤੇ ਹਾੜੀ ਸੌਣੀ ਸਾਂਭਦੀਆਂ ਸਨ ਪਰ ਇਸ ਵਾਰ ਹਾੜ੍ਹੀ ਵੀ ਦਿਹਾੜੀ ’ਤੇ ਮਰਦਾਂ ਵਾਂਗ ਹੀ ਵੱਢਣਗੀਆਂ। ਜੀਤੋ, ਜਸਵਿੰਦਰ, ਰਾਣੀ, ਚਰਨਜੀਤ, ਛਿੰਦੋ, ਪ੍ਰੀਤੀ ਨੇ ਦੱਸਿਆ ਕਿ ਉਹ ਕੰਮ ਬੰਦਿਆਂ ਦੇ ਬਰਾਬਰ ਕਰਦੀਆਂ ਹਨ ਪਰ ਉਨ੍ਹਾਂ ਨੂੰ ਦਿਹਾੜੀ ਘੱਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਦਿਹਾੜੀ ਮਿਲਣੀ ਚਾਹੀਦੀ ਹੈ।
ਸ਼ਹਿਣਾ (ਪੱਤਰ ਪ੍ਰੇਰਕ) ਸ਼ਹਿਣਾ ਇਲਾਕੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਕਣਕ ਦੀ ਕਟਾਈ ਦਾ ਕੰਮ ਫਿਲਹਾਲ ਦੇਸੀ ਮਜ਼ਦੂਰ ਹੀ ਕਰ ਰਹੇ ਹਨ। ਪਰਵਾਸੀ ਮਜ਼ਦੂਰਾਂ ਦੀ ਆਮਦ ਹਾਲੇ ਸ਼ੁਰੂ ਨਹੀਂ ਹੋਈ ਹੈ। ਇਲਾਕੇ ਭਰ ਵਿੱਚ ਕਣਕ ਨੇ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਖੇਤਾਂ ’ਚ ਖੜ੍ਹੀ ਕਣਕ ਸੁਨਹਿਰੀ ਦਿਖਾਈ ਦੇਣ ਲੱਗ ਪਈ ਹੈ। ਕਿਸਾਨਾਂ ਅਨੁਸਾਰ ਕਣਕ ਦੀ ਕਟਾਈ ਨੂੰ ਲੈ ਕੇ ਦਿਹਾੜੀ ਵੀ ਵਧਣੀ ਸ਼ੁਰੂ ਹੋ ਗਈ ਹੈ। ਉਂਝ ਹਾਲੇ ਕਣਕ ਦੀ ਵਾਢੀ ਦਾ ਪੂਰਾ ਜ਼ੋਰ ਪੈਣ ’ਚ ਦੋ ਹਫਤੇ ਲੱਗਣ ਦਾ ਅਨੁਮਾਨ ਹੈ। ਕਿਸਾਨਾਂ ਨੇ ਆਪਣੇ ਤੌਰ ’ਤੇ ਕਣਕ ਦੀ ਵਾਢੀ ਨੂੰ ਲੈ ਕੇ ਖੇਤੀ ਸੰਦਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲੇ ਕਣਕ ਦੀ ਟਾਂਵੀਂ-ਟਾਂਵੀਂ ਵਾਢੀ ਹੀ ਸ਼ੁਰੂ ਹੋਈ ਹੈ। ਕਿਸਾਨ ਜਰਨੈਲ ਸਿੰਘ, ਸੁਖਜਿੰਦਰ ਸਿੰਘ, ਸੁਦਾਗਰ ਸਿੰਘ ਨੇ ਦੱਸਿਆ ਕਿ ਮੌਸਮ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਅਤੇ ਹਫਤੇ ਤੱਕ ਕਣਕ ਨੂੰ ਕੱਟਣ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।