ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਦਸੰਬਰ
ਕਿਸਾਨਾਂ ਨੇ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਅਗੇਤੇ ਆਲੂਆਂ ਦੀ ਬਿਜਾਈ ਕੀਤੀ ਪਰ ਹੁਣ ਕੀਮਤਾਂ ਡਿੱਗ ਪਈਆਂ ਅਤੇ ਆਲੂਆਂ ਦੀ ਪਿਛੇਤੀ ਫ਼ਸਲ ’ਤੇ ਝੁਲਸ ਰੋਗ ਦਾ ਹਮਲਾ ਹੋ ਗਿਆ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਲੂਆਂ ਦੀ 50 ਫੀਸਦੀ ਤੋਂ ਵੱਧ ਫ਼ਸਲ ਨੂੰ ਕਾਫੀ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਮੌਸਮ ਵਿਭਾਗ ਦੀ ਅਗਲੇ ਦਿਨਾਂ ਵਿੱਚ ਬਾਰਿਸ਼ ਅਤੇ ਧੁੰਦ ਦੀ ਪੇਸ਼ੀਨਗੋਈ ਕਾਰਨ ਝੁਲਸ ਰੋਗ ਹੋਰ ਵਧਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਾ ਹੈ। ਬਿਮਾਰੀ ਨਾਲ ਸਿਰਫ਼ ਪੈਦਾਵਾਰ ਹੀ ਨਹੀਂ ਘਟੀ ਸਗੋਂ ਆਲੂਆਂ ਦੇ ਭਾਅ ਡਿੱਗਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ। ਬਲਵਿੰਦਰ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉੱਲੀ ਨਾਸ਼ਕ ਸਪਰੇਆਂ ਵੀ ਅਸਰ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਆਲੂ ਦੇ ਮਿਆਰੀ ਬੀਜ, ਬਿਜਾਈ, ਖਾਦਾਂ, ਸਪਰੇਆਂ ਤੇ ਪੁਟਾਈ ਉੱਤੇ ਭਾਰੀ ਖਰਚ ਹੁੰਦਾ ਹੈ ਤੇ ਏਨੀ ਦਿਨੀਂ ਪੁੱਟੇ ਜਾ ਰਹੇ ਆਲੂਆਂ ਦੀਆਂ ਕੀਮਤਾਂ ਵਿੱਚ ਮੰਦੀ ਕਾਰਨ ਆਲੂ ਉੱਤੇ ਹੋਏ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨਾਂ ਨੇ ਦੱਸਿਆ ਕਿ ਆਲੂ ਪਟਾਈ ਤੋਂ ਪਹਿਲਾਂ ਹੀ ਖਰਾਬ ਹੋ ਰਹੇ ਹਨ। ਖੇਤੀ ਵਿਗਿਆਨੀ ਡਾ . ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੀਏਯੂ ਸਾਇੰਸਦਾਨਾਂ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਜਸਵੰਤ ਸਿੰਘ ਤੇ ਬਾਗਬਾਨੀ ਵਿਭਾਗ ਅਧਿਕਾਰੀਆਂ ਨੇ ਸੂਬੇ ਦੇ ਖੇਤਰੀ ਖੇਤੀਬਾੜੀ ਤੇ ਬਾਗਬਾਨੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕਣਕ ਦੀ ਫ਼ਸਲ ’ਤੇ ਤਣੇ ਦੀ ਗੁਲਾਬੀ ਸੁੰਡੀ ਅਤੇ ਆਲੂਆਂ ਉੱਤੇ ਝੁਲਸ ਰੋਗ ਦੇ ਲੱਛਣ ਤੇ ਰੋਕਥਾਮ ਬਾਰੇ ਚਰਚਾ ਕੀਤੀ ਗਈ ਹੈ। ਉਨ੍ਹਾਂ ਖੇਤਰੀ ਅਧਿਕਾਰੀਆਂ ਨੂੰ ਖੇਤਾਂ ਵਿਚ ਕਿਸਾਨਾਂ ਨੂੰ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਡਾ. ਬਰਾੜ ਨੇ ਕਿਹਾ ਕਿ ਪਿਛੇਤੇ ਝੁਲਸ ਰੋਗ ਦੇ ਪਹਿਲੇ ਲੱਛਣ ਛੋਟੇ, ਹਲਕੇ ਤੋਂ ਗੂੜ੍ਹੇ, ਗੋਲਾਕਾਰ ਪਾਣੀ-ਭਿੱਜੇ ਧੱਬੇ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਠੰਢ ਅਤੇ ਨਮੀ ਵਾਲੇ ਮੌਸਮ ਦੌਰਾਨ ਇਹ ਧੱਬੇ ਤੇਜ਼ੀ ਨਾਲ ਵੱਡੇ ਅਤੇ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਬਣ ਜਾਂਦੇ ਹਨ। ਪ੍ਰਭਾਵਿਤ ਖੇਤਾਂ ਵਿੱਚ ਸਮੇਂ ਸਿਰ ਰੋਕਥਾਮ ਨਾ ਹੋਵੇ ਤਾਂ ਫਸਲ ਦਾ ਨੁਕਸਾਨ ਹੋ ਸਕਦਾ ਹੈ ਅਤੇ ਝੁਲਸ ਰੋਗ ਟਮਾਟਰ ਦੀ ਫਸਲ ’ਤੇ ਵੀ ਹਮਲਾ ਕਰ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇੱਕ ਹੀ ਉੱਲੀਨਾਸ਼ਕ ਦਾ ਵਾਰ-ਵਾਰ ਛਿੜਕਾਅ ਨਹੀਂ ਕਰਨਾ ਚਾਹੀਦਾ ਸਗੋਂ ਦਵਾਈ ਬਦਲ ਕੇ ਸਪਰੇਅ ਕਰਨ। ਉਨ੍ਹਾਂ ਅੱਗੇ ਕਿਹਾ ਕਿ ਇਹ ਰੋਗ ਪਹਿਲਾਂ ਥੋੜ੍ਹੀ ਥਾਂ ਵਿਚ ਹੁੰਦਾ ਹੈ ਅਤੇ ਜੇਕਰ ਸਮੇਂ ਸਿਰ ਰੋਕਥਾਮ ਨਾ ਹੋਵੇ ਤਾਂ ਇਹ ਬਿਮਾਰੀ ਹਵਾ ਰਾਹੀਂ ਪੂਰੇ ਖੇਤ ਵਿਚ ਫੈਲ ਜਾਂਦੀ ਹੈ। ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਵਿਜੈ ਪ੍ਰਤਾਪ ਨੇ ਆਲੂਆਂ ਦੀ ਫ਼ਸਲ ਦਾ ਨਿਰੀਖਣ ਕਰਨ ਉਪਰੰਤ ਕਿਹਾ ਕਿ ਕਿਸਾਨ ਖੇਤੀ ਅਤੇ ਬਾਗਬਾਨੀ ਮਾਹਰਾਂ ਤੇ ਪੀੲੈਯੂ ਸਾਇੰਸਦਾਨਾਂ ਦੀਆਂ ਸਿਫ਼ਾਰਸਾਂ ਮੁਤਾਬਕ ਉੱਲੀਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ।