ਜਗਮੋਹਨ ਸਿੰਘ
ਘਨੌਲੀ, 6 ਜੂਨ
ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਚਾਉਣ ਦੇ ਮੰਤਵ ਨਾਲ ਤਜਰਬੇ ਦੇ ਆਧਾਰ ਤੇ ਕਿਸਾਨਾਂ ਦੇ ਖੇਤਾਂ ਵਿੱਚ ਲਗਵਾਏ ਸੇਬਾਂ ਦੇ ਪੌਦੇ ਸ਼ਾਨਦਾਰ ਫਸਲ ਦੇਣ ਲੱਗ ਪਏ ਹਨ।
ਪਿੰਡ ਮਾਜਰੀ ਗੁੱਜਰਾਂ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ ਨੇ ਉਸ ਨੂੰ ਆਪਣੇ ਖੇਤ ਵਿੱਚ ਲਗਾਉਣ ਲਈ 30 ਪੌਦੇ ਦਿੱਤੇ ਸਨ, ਜਿਨ੍ਹਾਂ ਵਿੱਚੋਂ 27 ਪੌਦੇ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਹਨ। ਉਸ ਨੇ ਦੱਸਿਆ ਕਿ ਉਸ ਨੇ ਇਹ ਪੌਦੇ ਸਿਰਫ 10 ਮਰਲੇ ਜਗ੍ਹਾ ਵਿੱਚ ਲਗਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 4.50 ਕੁਇੰਟਲ ਸੇਬ ਦੀ ਪੈਦਾਵਾਰ ਹੋਈ।
ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਪ੍ਰਤੀਨਿਧੀ ਅਮਨਦੀਪ ਸੈਣੀ ਅਤੇ ਖੇਤੀਬਾੜੀ ਵਿਭਾਗ ਦੇ ਪ੍ਰਤੀਨਿਧੀ ਰਾਕੇਸ਼ ਮਰਵਾਹਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਸੇਬਾਂ ਦੀ ਫਸਲ ਦੀ ਪੈਦਾਵਾਰ ਕਰਕੇ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਮੁਕਤ ਹੋ ਕੇ ਚੰਗਾ ਮੁਨਾਫਾ ਖੱਟ ਸਕਦੇ ਹਨ। ਉਨ੍ਹਾਂ ਦੱਸਿਆਂ ਸੇਬਾਂ ਦੀ ਫ਼ਸਲ ਦੀ ਪੈਦਾਵਾਰ ਨਾਲ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ।