ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਕਤੂਬਰ
ਮਾਲਵਾ ਪੱਟੀ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਗਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਲਈ ਕਿਸਾਨਾਂ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਅੱਗੇ ਧਰਨੇ ਲਾਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਲੱਗੇ ਇਨ੍ਹਾਂ ਧਰਨਿਆਂ ਦੀ ਸਮਾਪਤੀ ’ਤੇ ਐਲਾਨ ਕੀਤਾ ਗਿਆ ਕਿ ਮੁਆਵਜ਼ਾ ਲੈਣ ਲਈ ਨਰਮਾ ਪੱਟੀ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈ ਕੇ 5 ਅਕਤੂਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜੱਦੀ ਘਰ ਬਾਦਲ ਪਿੰਡ ਵਿੱਚ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਮਾਨਸਾ ਵਿੱਚ ਦਿੱਤੇ ਗਏ ਧਰਨੇ ਤੋਂ ਪਹਿਲਾਂ ਜਥੇਬੰਦੀ ਨੇ ਸ਼ਹਿਰ ’ਚ ਰੋਸ ਮਾਰਚ ਕੀਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਗਿਰਦਾਵਰੀਆਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਜਥੇਬੰਦੀ ਸਰਕਾਰ ਪਾਸੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦੀ ਮੰਗ ਕਰ ਰਹੀ ਹੈ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ 60 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਬਤੌਰ ਰੁਜ਼ਗਾਰ ਉਜਾੜਾ ਦਿੱਤਾ ਜਾਵੇ, ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।