ਪ੍ਰਭੂ ਦਿਆਲ
ਸਿਰਸਾ, 18 ਅਗਸਤ
ਗੁਲਾਬੀ ਸੁੰਡੀ ਤੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਕਿਸਾਨਾਂ ਨੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨਾਂ ਨੇ ਰਾਤ ਦਫ਼ਤਰ ਦੇ ਬਾਹਰ ਗੁਜ਼ਾਰੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਨੁਕਸਾਨੇ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ।
ਕਿਸਾਨਾਂ ਵੱਲੋਂ ਡੀਡੀਏ ਦੇ ਦਫ਼ਤਰ ਦੇ ਬੂਹੇ ਅੱਗੇ ਦਿੱਤੇ ਗਏ ਧਰਨੇ ਕਾਰਨ ਅੱਜ ਦੁਪਹਿਰ ਤੱਕ ਉੱਚ ਅਧਿਕਾਰੀ ਦਫ਼ਤਰ ’ਚ ਨਹੀਂ ਪਹੁੰਚੇ, ਜਦੋਂਕਿ ਹੇਠਲੇ ਸਟਾਫ ਨੇ ਆਪਣਾ ਕੰਮ ਦਫ਼ਤਰ ’ਚ ਜਾਰੀ ਰੱਖਿਆ। ਪਹਿਲਾਂ ਅੱਜ ਜਨਮਅਠਮੀ ਦੀ ਛੁੱਟੀ ਐਲਾਨੀ ਗਈ ਸੀ, ਜਦੋਂਕਿ ਦੇਰ ਸ਼ਾਮ ਛੁੱਟੀ ਰੱਦ ਕਰ ਦਿੱਤੀ ਗਈ ਸੀ। ਇਸ ਮੌਕੇ ’ਤੇ ਭਾਰਤੀ ਕਿਸਾਨ ਏਕਤਾ ਦੇ ਆਗੂ ਲਖਵਿੰਦਰ ਸਿੰਘ ਔਲਖ, ਕਸ਼ਮੀਰ ਸਿੰਘ ਵੈਦਵਾਲਾ, ਇਕਬਾਲ ਸਿੰਘ ਵੈਦਵਾਲਾ, ਦਲੀਪ ਸਹਾਰਣ ਖਾਰੀਆਂ ਸਮੇਤ ਅਨੇਕ ਪਿੰਡਾਂ ਦੇ ਕਿਸਾਨ ਮੌਜੂਦ ਸਨ।