ਇਕਬਾਲ ਸਿੰਘ ਸ਼ਾਂਤ
ਲੰਬੀ, 15 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਦੇ ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਲੰਬੀ ਹਲਕੇ ਦੇ ਮਿੱਡਾ, ਅਸਪਾਲ ਅਤੇ ਆਲਮਵਾਲਾ ’ਚ ਝੋਨਾ, ਨਰਮਾ, ਮੂੰਗੀ ਤੇ ਜਵਾਰ ਦੀ ਦਰਜਨਾਂ ਏਕੜ ਫ਼ਸਲ ਬਰਬਾਦ ਕਰ ਦਿੱਤੀ ਹੈ। ਇਨ੍ਹਾਂ ਪਿੰਡਾਂ ਵਿੱਚ ਸੌ ਤੋਂ ਵੱਧ ਏਕੜ ਰਕਬੇ ’ਚ ਸੱਤ ਇੰਚ ਤੋਂ ਇੱਕ ਫੁੱਟ ਤੱਕ ਪਾਣੀ ਖੜ੍ਹਾ ਹੈ।
ਕਿਸਾਨਾਂ ਨੂੰ ਰਾਹਤ ਦਿਵਾਉਣ ਪੱਖੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਨਾਕਾਫੀ ਹਨ। ਕਿਸਾਨ ਆਪਣੇ ਪੱਧਰ ’ਤੇ ਖਰਚਾ ਕਰਕੇ ਖੇਤਾਂ ਵਿਚੋਂ ਪਾਣੀ ਬਾਹਰ ਕੱਢ ਰਹੇ ਹਨ। ਖੇਤੀਬਾੜੀ ਵਿਭਾਗ ਨੇ ਕਰੀਬ ਤਿੰਨ ਦਿਨ ਪਹਿਲਾਂ ਪਏ ਮੀਂਹ ਕਾਰਨ ਸਰਾਵਾਂ ਜ਼ੈਲ ਦੇ ਕਈ ਪਿੰਡਾਂ ਦੇ ਖੇਤਾਂ ’ਚ ਫ਼ਸਲਾਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਵਾਰ ਕਰੋਨਾ ਮਹਾਮਾਰੀ ਤੇ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੇ ਨਰਮੇ ਹੇਠਲਾ ਰਕਬਾ ਵਧਾਇਆ ਸੀ। ਮੀਂਹ ਦੇ ਪਾਣੀ ਦੀ ਸੇਮ ਨਾਲਿਆਂ ਰਾਹੀਂ ਨਿਕਾਸੀ ਨਹੀਂ ਹੋ ਰਹੀ ਜਿਸ ਕਾਰਨ ਕਿਸਾਨ ਮੁੜ ਝੋਨਾ ਲਾਉਣ ਦੀ ਸੋਚਣ ਲੱਗੇ ਹਨ।
ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਬਰਾੜ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਫਤੂਹੀਖੇੜਾ ਅਤੇ ਰਮੇਸ਼ ਕੁਮਾਰ ਅਰਨੀਵਾਲਾ ਨੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਆਗੂਆਂ ਨੇ ਆਖਿਆ ਕਿ ਲੰਬੀ ਹਲਕੇ ਦੇ ਜ਼ਿਆਦਾਤਰ ਪਿੰਡ ਸੇਮ ਦੀ ਮਾਰ ਹੇਠ ਹਨ, ਜਿਨ੍ਹਾਂ ਵਿੱਚ ਸੇਮ ਨਾਲੇ ਬਣਾਏ ਗਏ ਹਨ। ਇਨ੍ਹਾਂ ਦਾ ਜ਼ਮੀਨ ਤੋਂ ਪੱਧਰ ਉੱਚਾ ਅਤੇ ਦਿਸ਼ਾ ਠੀਕ ਨਾ ਹੋਣ ਕਰਕੇ ਇਹ ਨਿਕਾਸੀ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਮਿੱਡਾ, ਅਸਪਾਲ ਅਤੇ ਆਲਮਵਾਲਾ ਆਦਿ ਪਿੰਡਾਂ ‘ਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਰਮੇ ਤੇ ਝੋਨੇ ਦੀ ਫ਼ਸਲ ਡੋਬ ਦਿੱਤੀ ਹੈ। ਜਸਵਿੰਦਰ ਸਿੰਘ ਬਰਾੜ ਅਤੇ ਰਮੇਸ਼ ਅਰਨੀਵਾਲਾ ਨੇ ਪੰਜਾਬ ਸਰਕਾਰ ਅਤੇ ਲੰਬੀ ਹਲਕੇ ਦੇ ਸੇਮ ਪ੍ਰਭਾਵਿਤ ਪਿੰਡਾਂ ’ਚ ਮੀਂਹ ਕਰਕੇ ਖ਼ਰਾਬ ਨਰਮੇ ਅਤੇ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਦੌਰਾ
ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਕਿਹਾ ਕਿ ਵਿਭਾਗੀ ਟੀਮ ਨੇ ਅੱਜ ਦੌਰਾ ਕੀਤਾ ਹੈ। ਮਿੱਡਾ, ਅਸਪਾਲ ਆਦਿ ਪਿੰਡਾਂ ‘ਚ 70-80 ਏਕੜ ਮੀਂਹ ਦਾ ਪਾਣੀ ਛੇ ਇੰਚ ਤੱਕ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀਆਂ ਫ਼ਸਲਾਂ ਦੇ ਖਰਾਬੇ ਦੀ ਪੁਸ਼ਟੀ ਚਾਰ ਪੰਜ ਦਿਨਾਂ ਵਿੱਚ ਸਪੱਸ਼ਟ ਹੁੰਦੀ ਹੈ।