ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਸਤੰਬਰ
ਖੇਤੀਬਾੜੀ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਵਿਕੇ ਗੈਰਮਿਆਰੀ ਝੋਨੇ ਦੇ ਬੀਜ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋਣ ਕਿਨਾਰੇ ਹੈ। ਕਿਸਾਨਾਂ ਨੇ ਸੂਬੇ ’ਚ ਡੀਲਰਾਂ ਰਾਹੀਂ ਹਰਿਆਣਾ ਦੀ ਪਰਾਗ ਸੀਡ ਕੰਪਨੀ ’ਤੇ ਗ਼ੈਰਮਿਆਰੀ ਬੀਜ ਵੇਚਣ ਦਾ ਦੋਸ਼ ਲਗਾਇਆ ਹੈ ਜਦਕਿ ਡੀਲਰਾਂ ਨੇ ਕਿਸਾਨਾਂ ਨੂੰ ਕੰਪਨੀ ਵੱਲੋਂ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ ਹੈ।
ਇੱਥੇ ਬੀਕੇਯੂ ਏਕਤਾ ਉਗਰਾਹਾਂ ਝੰਡੇ ਹੇਠ ਝੰਡੇਵਾਲਾ, ਸਿੰਘਾਂਵਾਲਾ, ਰੱਤੀਆਂ, ਸਲੀਣਾਂ ਅਤੇ ਚੰਦ ਨਵਾਂ ਸਮੇਤ ਹੋਰ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਗ਼ੈਰਮਿਆਰੀ ਬੀਜ ਵੇਚਿਆ ਗਿਆ ਹੈ। ਝੋਨੇ ਦੀ ਫ਼ਸਲ ਪੱਕਣ ਕਿਨਾਰੇ ਹੈ ਪਰ ਉਨ੍ਹਾਂ ਦੀ ਫ਼ਸਲ ਨੂੰ ਹਾਲੇ ਮੁੰਜਰਾਂ ਵੀ ਨਹੀਂ ਲੱਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਗ਼ੈਰਮਿਆਰੀ ਬੀਜ ਵੇਚਣ ਵਾਲੀ ਕੰਪਨੀ ਅਤੇ ਡੀਲਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨਾਂ ਨੇ ਨੁਕਸਾਨ ਲਈ ਜ਼ਿੰਮੇਵਾਰ ਕੰਪਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਕਿਸਾਨਾਂ ਨੂੰ ਇਹ ਬੀਜ ਸਪਲਾਈ ਕਰਨ ਵਾਲੇ ਡੀਲਰ ਤਰਲੋਕ ਸਿੰਘ ਐਂਡ ਸੰਨਜ਼ ਦੇ ਮਾਲਕ ਤਰਲੋਕ ਸਿੰਘ ਨੇ ਕਿਹਾ ਕਿ ਉਨ੍ਹਾਂ ਕੰਪਨੀ ਤੋਂ ਪੱਕੇ ਬਿੱਲ ਰਾਹੀਂ ਬੀਜ ਖਰੀਦ ਕੇ ਬਕਾਇਦਾ ਬਿੱਲ ਰਾਹੀਂ ਕਿਸਾਨਾਂ ਨੂੰ ਅੱਗੇ ਵੇਚਿਆ ਹੈ। ਹੋਰ ਡੀਲਰ ਜੱਗੂ ਰਾਮ ਐਂਡ ਕੰਪਨੀ ਨਿਹਾਲ ਸਿੰਘ ਵਾਲਾ ਦੇ ਮਾਲਕ ਦਰਸ਼ਨ ਸਿੰਗਲਾ ਨੇ ਵੀ ਮੰਨਿਆ ਕਿ ਕੰਪਨੀ ਕਿਸਾਨਾਂ ਦੀ ਭਰਪਾਈ ਲਈ ਸਹਿਮਤ ਹੋ ਗਈ ਹੈ। ਕੰਪਨੀ ਮਾਲਕ ਬੀਕੇ ਗੋਇਲ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਸ਼ਿਕਾਇਤ ਮਿਲਣ ’ਤੇ ਕਰਾਂਗੇ ਪੜਤਾਲ: ਅਧਿਕਾਰੀ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਪਰ ਕਿਸਾਨਾਂ ਨੇ ਵਿਭਾਗ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸ਼ਿਕਾਇਤ ਮਿਲਣ ’ਤੇ ਪੜਤਾਲ ਹੋਵੇਗੀ ਅਤੇ ਗ਼ੈਰਮਿਆਰੀ ਬੀਜ ਦੀ ਪੁਸ਼ਟੀ ਹੋਣ ਮਗਰੋਂ ਡੀਲਰ ਅਤੇ ਕੰਪਨੀ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।