ਦਿਲਪ੍ਰੀਤ ਤਲਵਾੜ, ਕੁਲਬੀਰ ਸਿੰਘ ਤੇ ਤਰਸੇਮ ਸਿੰਘ ਢਿੱਲੋਂ*
ਸਬਜ਼ੀਆਂ ਸਾਡੀ ਸੰਤੁਲਿਤ ਖ਼ੁਰਾਕ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦਾ ਉਤਪਾਦਨ ਵੱਖ-ਵੱਖ ਜੈਵਿਕ ਅਤੇ ਅਜੈਵਿਕ ਤਣਾਅ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਅਜਿਹਾ ਹੀ ਇੱਕ ਅਜੈਵਿਕ ਕਾਰਕ ਹੈ- ਕੋਰਾ। ਕੁੱਝ ਸਬਜ਼ੀਆਂ ਕੋਰੇ ਤੋਂ ਮਾਮੂਲੀ ਤੌਰ ’ਤੇ ਪ੍ਰਭਾਵਿਤ ਹੁੰਦੀਆਂ ਹਨ ਜਦੋਂਕਿ ਕੁੱਝ ਸਬਜ਼ੀਆਂ ’ਤੇ ਕੋਰੇ ਦਾ ਅਸਰ ਹਾਨੀਕਾਰਕ ਹੁੰਦਾ ਹੈ। ਸਰਦੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕਿ ਫੁੱਲ ਗੋਭੀ, ਬੰਦ ਗੋਭੀ, ਪਿਆਜ਼ ਅਤੇ ਲਸਣ ਅਕਤੂਬਰ-ਨਵੰਬਰ ਵਿੱਚ ਬੀਜੇ ਜਾਣ ਦੇ ਬਾਵਜੂਦ ਕੋਰੇ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੀਆਂ ਜਦੋਂਕਿ ਆਲੂ ਅਤੇ ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕਿ ਖੀਰਾ, ਮਿਰਚ, ਟਮਾਟਰ ਅਤੇ ਬੈਂਗਣ ਕੋਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਦੇ ਮੁੱਖ ਉਤਪਾਦਨ ਦੇ ਮੌਸਮ ਦੌਰਾਨ ਮੰਡੀ ਵਿੱਚ ਇਨ੍ਹਾਂ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਨਹੀਂ ਮਿਲਦਾ ਅਤੇ ਬਹੁਤੀ ਫ਼ਸਲ ਬਰਬਾਦ ਹੋ ਜਾਂਦੀ ਹੈ। ਇਸ ਲਈ ਚੰਗਾ ਮੁਨਾਫ਼ਾ ਪ੍ਰਾਪਤ ਕਰਨ ਲਈ ਮੌਸਮ ਦੇ ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਕੁੱਝ ਦਾ ਜ਼ਿਕਰ ਹੇਠਾਂ ਕੀਤਾ ਗਿਆ ਹੈ।
ਪਲਾਸਟਿਕ ਮਲਚ ਦੇ ਫ਼ਸਲਾਂ ਦੇ ਉਤਪਾਦਨ ’ਤੇ ਕਈ ਤਰ੍ਹਾਂ ਦੇ ਲਾਭਕਾਰੀ ਪ੍ਰਭਾਵ ਹੁੰਦੇ ਹਨ। ਇਸ ਵਿੱਚ ਕੋਰੇ ਤੋਂ ਸੁਰੱਖਿਆ, ਮਿੱਟੀ ਦੇ ਤਾਪਮਾਨ ਵਿੱਚ ਵਾਧਾ, ਮਿੱਟੀ ਦੀ ਨਮੀਂ, ਬਣਤਰ ਅਤੇ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਨਦੀਨਾਂ, ਕੀੜਿਆਂ ਅਤੇ ਬਿਮਾਰੀਆਂ ਦਾ ਨਿਯੰਤਰਨ। ਇਸ ਦੀ ਵਰਤੋਂ ਨਾਲ ਅਗੇਤੀ ਫ਼ਸਲ ਵੀ ਉਗਾਈ ਜਾ ਸਕਦੀ ਹੈ। ਇਹ ਨਮੀ ਨੂੰ ਬਚਾ ਕੇ ਅਤੇ ਪੌਦੇ ਦੇ ਆਲੇ-ਦੁਆਲੇ ਮਿੱਟੀ ਦੇ ਤਾਪਮਾਨ ਨੂੰ ਵਧਾ ਕੇ ਪੌਦੇ ਨੂੰ ਕੋਰੇ ਤੋਂ ਬਚਾਉਂਦੀ ਹੈ।
ਬੂਟੇ ਨੂੰ ਢਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਇਹ ਦਿਨ ਦੇ ਸਮੇਂ ਬੂਟੇ ਉੱਤੇ ਪਈਆਂ ਸੂਰਜ ਦੀਆਂ ਕਿਰਨਾਂ ਨੂੰ ਭੰਡਾਰ ਕਰਦਾ ਹੈ ਅਤੇ ਰਾਤ ਨੂੰ ਲੰਬੀਆਂ ਵੇਵ ਵਾਲੀਆਂ ਕਿਰਨਾਂ ਨੂੰ ਵਧਾ ਕੇ ਬੂਟੇ ਦੇ ਨੇੜਲੇ ਤਾਪਮਾਨ ਨੂੰ ਵਧਾ ਦਿੰਦਾ ਹੈ। ਇਸ ਢੰਗ ਵਿੱਚ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਸਾਮਾਨ ਜਾਂ ਤਾਂ ਪੌਲੀਥੀਨ ਸਮੱਗਰੀ ਹੁੰਦੀ ਹੈ ਜਾਂ ਤਾਂ ਪਰਾਲੀ ਨਾਲ ਢੱਕਿਆ ਜਾਂਦਾ ਹੈ। ਟਮਾਟਰ ਦੀ ਫ਼ਸਲ ਦੀ ਕਾਸ਼ਤ ਦੌਰਾਨ ਟਮਾਟਰ ਦੀ ਪਨੀਰੀ ਨੂੰ ਖੇਤ ਵਿੱਚ ਫਰਵਰੀ ਵਿੱਚ ਲਗਾਇਆ ਜਾਂਦਾ ਹੈ। ਟਮਾਟਰ ਦੀ ਪਨੀਰੀ ਨੂੰ ਤਿਆਰ ਕਰਨ ਲਈ ਇਸ ਦਾ ਬੀਜ ਨਵੰਬਰ ਵਿੱਚ ਬੀਜਿਆ ਜਾਂਦਾ ਹੈ ਅਤੇ ਕੋਰੇ ਤੋਂ ਬਚਾਉਣ ਲਈ ਪਨੀਰੀ ਨੂੰ ਪੌਲੀਥੀਨ ਸ਼ੀਟ ਨਾਲ ਜਾਂ ਸਰਕੰਡੇ ਨਾਲ ਢੱਕਿਆ ਜਾਂਦਾ ਹੈ। ਇਹ ਢੰਗ ਟਮਾਟਰ ਦੀ ਫ਼ਸਲ ਵਿੱਚ ਆਮ ਤੌਰ ’ਤੇ ਵਰਤਿਆ ਜਾਂਦਾ ਹੈ।
ਵੱਖ-ਵੱਖ ਤਕਨੀਕਾਂ ਵਿੱਚੋਂ ਸੁਰੰਗ ਵਾਲੀ ਤਕਨੀਕ ਉਤਪਾਦਕਾਂ ਵਿੱਚ ਵਧੇਰੇ ਪ੍ਰਸਿੱਧ ਹੈ। ਇਸ ਤਕਨੀਕ ਵਿੱਚ ਬੂਟਿਆਂ ਦੀਆਂ ਕਤਾਰਾਂ ਨੂੰ ਪਾਰਦਰਸ਼ੀ ਸਮੱਗਰੀ ਨਾਲ ਢਕਿਆ ਜਾਂਦਾ ਹੈ। ਇਸ ਨਾਲ ਬੂਟੇ ਦੇ ਆਲ਼ੇ-ਦੁਆਲ਼ੇ ਦੀ ਹਵਾ ਦਾ ਤਾਪਮਾਨ ਵਧ ਜਾਂਦਾ ਹੈ ਜੋ ਕਿ ਬੂਟੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤਕਨੀਕ ਦੀ ਵਰਤੋਂ ਗਰਮੀ ਰੁੱਤ ਦੀਆਂ ਫ਼ਸਲਾਂ ਨੂੰ ਅਗੇਤੀ ਉਗਾਉਣ ਲਈ ਕੀਤੀ ਜਾਂਦੀ ਹੈ ਅਤੇ ਇਸ ਤਕਨੀਕ ਨਾਲ ਸਬਜ਼ੀਆਂ ਦੀ ਕਾਸ਼ਤ ਨੂੰ ਉਨ੍ਹਾਂ ਦੇ ਆਮ ਮੌਸਮ ਨਾਲੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਕਰ ਸਕਦੇ ਹਾਂ। ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਖੀਰਾ, ਸ਼ਿਮਲਾ ਮਿਰਚ ਅਤੇ ਬੈਂਗਣ ਨੂੰ ਨੀਵੀਆਂ ਸੁਰੰਗਾਂ ਵਾਲੀ ਤਕਨੀਕ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ। ਬਜਿਾਈ ਤੋਂ ਬਾਅਦ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾਉਣ ਲਈ 2 ਮੀਟਰ ਲੰਬੇ ਸਰੀਏ ਮੋੜ ਕੇ ਇਸ ਤਰ੍ਹਾਂ ਬਣਾ ਲਓ ਕਿ ਜਦੋਂ ਜ਼ਮੀਨ ਵਿੱਚ ਗੱਡੀਏ ਤਾਂ ਇਨ੍ਹਾਂ ਦੀ ਉਚਾਈ ਜ਼ਮੀਨ ਤੋਂ 45-60 ਸੈਂਟੀਮੀਟਰ ਹੋ ਜਾਵੇ। ਇਸ ਤੋਂ ਬਾਅਦ ਅਰਧ ਗੋਲਿਆਂ ਉੱਪਰ 100 ਗੇਜ ਦੀਆਂ ਪਲਾਸਟਿਕ ਸ਼ੀਟਾਂ ਵਿਛਾ ਦਿਓ। ਸੁਰੰਗਾਂ ਵਾਲੀ ਤਕਨੀਕ ਮੁੱਖ ਤੌਰ ’ਤੇ ਨਵੰਬਰ ਤੋਂ ਫਰਵਰੀ ਦੇ ਮਹੀਨੇ ਵਿੱਚ ਵਰਤੀ ਜਾਂਦੀ ਹੈ। ਦਸੰਬਰ ਦੇ ਸ਼ੁਰੂ ਵਿੱਚ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਲੰਬੇ ਸਰੀਏ ਦੇ ਅਰਧ ਗੋਲਿਆਂ ਨੂੰ ਇਸ ਤਰ੍ਹਾਂ ਗੱਡ ਦਿਉ ਤਾਂ ਜੋ ਬੂਟੇ ਵਿੱਚ ਆ ਜਾਣ ਫਰਵਰੀ ਦੇ ਮਹੀਨੇ ਵਿੱਚ ਜਦੋਂ ਕੋਰਾ ਖ਼ਤਮ ਹੋ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਦਿਉ। ਇਹ ਤਕਨੀਕ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਉੱਤਰ ਹੈ ਕਿਉਂਕਿ ਘੱਟ ਸਿੰਜਾਈ ਦੀ ਲੋੜ ਹੁੰਦੀ ਹੈ ਅਤੇ ਇਹ ਦੂਜੀਆਂ ਸੁਰੱਖਿਅਤ ਖੇਤੀ ਦੀਆਂ ਤਕਨੀਕਾਂ ਨਾਲੋਂ ਘੱਟ ਲਾਗਤ ਵਾਲੀ ਹੈ ਤੇ ਇਸ ਦਾ ਰੱਖ-ਰਖਾਅ ਵੀ ਸੌਖਾ ਹੈ। ਮਿਰਚ, ਸ਼ਿਮਲਾ ਮਿਰਚ ਅਤੇ ਬੈਂਗਣ ਦੀ ਬਜਿਾਈ ਨਵੰਬਰ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਦਸੰਬਰ ਦੇ ਮਹੀਨੇ ਵਿੱਚ ਸੁਰੰਗ ਤਕਨੀਕ ਨਾਲ ਢੱਕਿਆ ਜਾਂਦਾ ਹੈ। ਫਰਵਰੀ ਦੇ ਮਹੀਨੇ ਜਦੋਂ ਕੋਰਾ ਬੰਦ ਹੋ ਜਾਂਦਾ ਹੈ ਤਾਂ ਨੀਵੀਆਂ ਸੁਰੰਗਾਂ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਤਕਨੀਕ ਨਾਲ ਤੰਦਰੁਸਤ ਪਨੀਰੀ ਨੂੰ ਉਗਾਇਆ ਜਾ ਸਕਦਾ ਹੈ।
ਕੋਰੇ ਤੋਂ ਸਬਜ਼ੀਆਂ ਨੂੰ ਬਚਾਉਣ ਦਾ ਇੱਕ ਹੋਰ ਢੰਗ ਸਿੰਜਾਈ ਹੈ, ਜਦੋਂ ਮਿੱਟੀ ਸੁੱਕੀ ਹੋਵੇ ਤਦ ਮਿੱਟੀ ਦੇ ਮੁਸਾਮ ਖੁੱਲ੍ਹ ਜਾਂਦੇ ਹਨ। ਇਸ ਕਾਰਨ ਮਿੱਟੀ ਵਿੱਚ ਗਰਮੀ ਨੂੰ ਅਦਾਨ-ਪ੍ਰਦਾਨ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਭੂਮੀ ਨੂੰ ਉਸ ਦੀ ਫੀਲਡ ਕਪੈਸਟੀ ਤੱਕ ਗਿੱਲਾ ਕਰ ਕੇ ਕੋਰੇ ਤੋਂ ਸਬਜ਼ੀਆਂ ਨੂੰ ਬਚਾਉਣ ਦੀ ਸਮਰੱਥਾ ਵਧ ਜਾਂਦੀ ਹੈ। ਮਿੱਟੀ ਨੂੰ ਗਿੱਲਾ ਕਰਨ ਉਪਰੰਤ ਸੂਰਜ ਦੀ ਰੌਸ਼ਨੀ ਨੂੰ ਸਹਿਣ ਕਰਨ ਦੀ ਸਮਰੱਥਾ ਵੀ ਵਧ ਜਾਂਦੀ ਹੈ। ਇਸ ਲਈ ਜਦੋਂ ਜ਼ਮੀਨ ਗਿੱਲੀ ਹੋਵੇ, ਤਦ ਵਾਸ਼ਪੀਕਰਨ ਵਧ ਜਾਂਦਾ ਹੈ ਅਤੇ ਵਾਸ਼ਪੀਕਰਨ ਦੌਰਾਨ ਪੈਦਾ ਹੋਈ ਊਰਜਾ ਕਾਰਨ ਤਾਪਮਾਨ ਵਧਦਾ ਹੈ ਜੋ ਕਿ ਫ਼ਸਲ ਨੂੰ ਕੋਰੇ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਦਾ ਢੰਗ ਆਲੂਆਂ ਵਿੱਚ ਵਰਤਿਆ ਜਾਂਦਾ ਹੈ।
*ਸਬਜ਼ੀ ਵਿਗਿਆਨ ਵਿਭਾਗ, ਪੀਏਯੂ।