ਨਿਜੀ ਪੱਤਰ ਪ੍ਰੇਰਕ
ਜਲੰਧਰ,2 ਅਗਸਤ
‘ਮਿਸ਼ਨ ਫ਼ਤਹਿ’ ਤਹਿਤ ਪੁਲੀਸ ਕਮਿਸ਼ਨਰੇਟ ਜਲੰਧਰ ਵਲੋਂ ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ ਕਮਿਸ਼ਨਰੇਟ ਪੁਲੀਸ ਵਲੋਂ 25501 ਲੋਕਾਂ ਨੂੰ 1.20 ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਮਾਸਕ ਨਾ ਪਾਉਣ ਵਾਲਿਆਂ ਦੇ 25501 ਚਲਾਨ ਕਰਕੇ ਉਨਾਂ ਪਾਸੋਂ 1,20,96,100 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਮ ਕੁਆਰਟਾਇਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ 45 ਵਿਅਕਤੀਆਂ ਨੂੰ 85000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਜਨਤਕ ਥਾਵਾਂ `ਤੇ ਥੁੱਕਣ ਵਾਲੇ 445 ਵਿਅਕਤੀਆਂ ਨੂੰ 112100 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਤਰਨ ਤਾਰਨ(ਪੱਤਰ ਪ੍ਰੇਰਕ): ਜ਼ਿਲ੍ਹੇ ਅੰਦਰ ਅੱਜ ਇਕ ਹੋਰ ਕੋਵਿਡ-19 ਦਾ ਪਾਜ਼ੇਟਿਵ ਮਾਮਲਾ ਆਇਆ ਹੈ ਜਿਸ ਨਾਲ ਇਸ ਭਿਆਨਕ ਮਹਾਮਾਰੀ ਨਾਲ ਪੀੜਤ ਮਰੀਜਾਂ ਦੀ ਗਿਣਤੀ 126 ਹੋ ਗਈ ਹੈ|
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):ਕੋਵਿਡ-19 ਦੇ ਮਾਮਲਿਆਂ ਦੀ ਸ਼ਨਾਖਤ ਤਹਿਤ ਸਿਹਤ ਵਿਭਾਗ ਵੱਲੋਂ 2868 ਗਰਭਵਤੀ ਔਰਤਾਂ ਦੇ ਕਰੋਨਾ ਦੇ ਟੈਸਟ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਸਵੱਸਥ ਜਣੇਪੇ ਦੀ ਸਹੂਲਤ ਮਿਲ ਸਕੇ ਜਿਸ ਕਰਕੇ ਮਾਂ ਅਤੇ ਨਵਜਨਮੇ ਬੱਚੇ ਨੂੰ ਤੁੰਦਰੁਸਤ ਮਾਹੌਲ ਮਿਲ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ 2868 ਗਰਭਵਤੀ ਮਹਿਲਾਵਾਂ ਦੇ ਕਰੋਨਾ ਦੇ ਟੈਸਟ ਕੀਤੇ ਗਏ ਸਨ ਜਿੰਨਾਂ ਵਿੱਚ 12 ਕੇਸ ਗਰਭਵਤੀ ਮਹਿਲਾਵਾਂ ਦੇ ਪਾਜ਼ੇਟਿਵ ਪਾਏ ਗਏ ਸਨ। ਸਿਹਤ ਵਿਭਾਗ ਦੇ ਮੈਡੀਕਲ ਤੇ ਨਰਸਿੰਗ ਅਮਲੇ ਵੱਲੋਂ ਇਸ ਮੁਸ਼ਕਲ ਘੜੀ ਵਿੱਚ ਆਪਣਾ ਫ਼ਰਜ ਬਾਖੂਬੀ ਨਿਭਾਉਂਦੇ ਹੋਏ ਸੁਰੱਖਿਅਤ ਜਣੇਪੇ ਕਰਵਾਏ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ ਪਠਾਨਕੋਟ ਜ਼ਿਲ੍ਹੇ ਵਿੱਚ 3 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਐਕਟਿਵ ਕੇਸਾਂ ਦੀ ਸੰਖਿਆ 130 ਹੋ ਗਈ। ਇੰਨ੍ਹਾਂ ਤਿੰਨਾਂ ਲੋਕਾਂ ਦੀ ਜਾਂਚ ਟਰੂ ਨੈਟ ਮਸ਼ੀਨ ਨਾਲ ਕੀਤੀ ਗਈ। ਜਿਸ ਤੇ 3 ਪਾਜ਼ੇਟਿਵ ਆਏ ਹਨ। ਇੰਨ੍ਹਾਂ ਵਿੱਚੋਂ ਇੱਕ ਪੁਲੀਸ ਮੁਲਾਜ਼ਮ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ’ਚ ਅੱਜ 7 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 571 ਹੋ ਗਈ ਹੈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ ਹੁਸ਼ਿਆਰਪੁਰ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ 2, ਟੈਗੋਰ ਨਗਰ ਦਾ 1, ਹਾਜੀਪੁਰ, ਹਾਰਟਾ ਬਡਲਾ, ਬਜਵਾੜਾ ਅਤੇ ਗੜ੍ਹਸ਼ੰਕਰ ਦਾ 1-1 ਮਰੀਜ਼ ਸ਼ਾਮਲ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 55 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ।
ਰੱਖੜੀ ਚੜ੍ਹੀ ਕਰੋਨਾ ਦੀ ਭੇਟ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਸ ਵਾਰ ਰੱਖੜੀ ਦਾ ਤਿਓਹਾਰ ਵੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ।ਆਰਥਿਕ ਤੰਗੀ ਕਾਰਣ ਲੋਕਾਂ ਵਿਚ ਖਰੀਦ ਸ਼ਕਤੀ ਨਾ ਰਹਿਣ ਦੇ ਸਿੱਟੇ ਵਜੋਂ ਅੱਜ ਬਜ਼ਾਰਾਂ ਵਿਚੋਂ ਰੌਣਕ ਗਾਇਬ ਰਹੀ। ਸਰਕਾਰ ਵੱਲੋਂ ਐਤਵਾਰ ਨੂੰ ਤਾਲਾਬੰਦੀ ਤੋਂ ਛੋਟ ਦੇ ਬਾਵਜੂਦ ਰੱਖੜੀਆਂ, ਮਠਿਆਈਆਂ,ਬੇਕਰੀ ਵਾਲੇ ਦੁਕਾਨਦਾਰ ਸਾਰਾ ਦਿਨ ਗਾਹਕਾਂ ਨੂੰ ਉਡੀਕਦੇ ਰਹੇ। ਇੱਥੇ ਪਿਛਲੇ ਪੰਜ ਦਿਨਾਂ ਤੋਂ ਰੱਖੜੀ ਵੇਚ ਰਹੇ ਇਕ ਦੁਕਾਨਦਾਰ ਨੇ ਕਿਹਾ ਕਿ ਉਹ ਰੋਜ਼ਾਨਾ ਛਾਂ ਵਾਸਤੇ ਲਗਾਈ ਚਾਨਣੀ ਦੇ ਪੱਲੇ ਦਾ 100 ਰੁਪਏ ਕਿਰਾਇਆ ਦਿੰਦਾ ਹੈ। ਜਦ ਕਿ ਪਹਿਲੇ 2 ਦਿਨਾਂ ਵਿਚ ਤਾਂ ਉਸ ਦਾ ਕਿਰਾਇਆ ਪੂਰਾ ਵੀ ਨਹੀ ਹੋਇਆ।ਪਿੰਡ ਕੋਟਲੀ ਗਾਜਰਾਂ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਨੇ 7000 ਰੁਪਏ ਦੀ ਰੱਖੜੀ ਖਰੀਦੀ ਜਿਸਦਾ ਤੀਜਾ ਹਿੱਸਾ ਵੀ ਨਹੀ ਵਿਕ ਸਕਿਆ।