ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਜੁਲਾਈ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਇਤਿਹਾਸਕ ਕਸਬੇ ਮਹਿਤਾ ਵਿੱਚ 1.30 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਸ਼ੁਰੂਆਤ ਨੀਂਹ ਪੱਥਰ ਰੱਖ ਕੇ ਕੀਤੀ। ਇਸ ਵਿੱਚ ਮਹਿਤਾ-ਅੰਮ੍ਰਿਤਸਰ ਸੜਕ ਤੋਂ ਮਹਿਤਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੂੰ 10 ਤੋਂ 18 ਫੁੱਟ ਚੌੜਾ ਕਰਨਾ ਅਤੇ ਮਹਿਤਾ ਵਿੱਚ ਮਾਰਕੀਟ ਕਮੇਟੀ ਦਫਤਰ ਦੀ ਇਮਾਰਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਿੰਕ ਸੜਕਾਂ ਦੀ ਚੌੜਾਈ 18 ਫੁੱਟ ਕਰਨ ਜਾ ਰਹੀ ਹੈ, ਜਿਸ ਤਹਿਤ ਮਹਿਤਾ ਪਿੰਡ ਦੀ ਸੜਕ ਜੋ ਕਿ 10 ਫੁੱਟ ਚੌੜੀ ਅਤੇ ਇਕ ਕਿਲੋਮੀਟਰ ਲੰਮੀ ਹੈ, ਨੂੰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾ ਰਿਹਾ ਹੈ।ਇਸ ਸੜਕ ਦੇ ਬਣਨ ਨਾਲ ਮਹਿਤਾ, ਉਦੋਨੰਗਲ, ਨੰਗਲੀ, ਖੱਬੇ ਰਾਜਪੂਤਾਂ ਆਦਿ ਪਿੰਡਾਂ ਨੂੰ ਜਾਣ ਲਈ ਵੱਡੀ ਰਾਹਤ ਮਿਲੇਗੀ। ਮਹਿਤਾ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਤਾ ਅੱਡੇ ਦੇ ਨਾਲ ਬਾਜ਼ਾਰ ਵਾਲੇ ਹਿੱਸੇ ਵਿਚ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ।
ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹਰਭਜਨ ਸਿੰਘ ਨੇ ਕਿਹਾ ਕਿ ਅਜੇ ਤੱਕ ਇਹ ਦਫਤਰ ਕਿਰਾਏ ਦੀ ਇਮਾਰਤ ਵਿੱਚ ਚੱਲ ਰਿਹਾ ਸੀ ਅਤੇ ਹੁਣ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ, ਖਰੀਦ ਏਜੰਸੀਆਂ, ਪੱਲੇਦਾਰਾਂ ਤੇ ਹੋਰ ਕਾਮਿਆਂ ਦੀ ਸਹੂਲਤ ਨੂੰ ਵੇਖਦੇ ਹੋਏ ਵਧੀਆ ਇਮਾਰਤ ਬਨਾਉਣ ਦਾ ਬੀੜਾ ਚੁੱਕਿਆ ਹੈ। ਇਸ ਉਤੇ ਕਰੀਬ 90 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਕੰਮ 6 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਸ਼ਨਾਖ ਸਿੰਘ, ਐੱਸਡੀਐੱਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਸੁਖਦੇਵ ਸਿੰਘ ਸਰਪੰਚ, ਰਾਣਾ ਸ਼ਾਹ ਧਰਦਿਓ ਹਾਜ਼ਰ ਸਨ।