ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਫ਼ਰਵਰੀ 2021 ’ਚ ਲਈ ਗਈ ਧਾਰਮਿਕ ਪ੍ਰੀਖਿਆ ਦੇ ਮੈਰਿਟ ਵਿਚ ਆਏ 20 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਤਿੰਨ ਅੱਵਲ ਆਏ ਸਿਖਿਆਰਥੀਆਂ ਨੂੰ ਵੀ ਰਾਸ਼ੀ ਨਾਲ ਸਨਮਾਨਿਤ ਕੀਤਾ। ਬੀਬੀ ਜਗੀਰ ਕੌਰ ਨੇ ਪਹਿਲੇ ਸਥਾਨ ਵਾਲਿਆਂ ਨੂੰ 5100, ਦੂਸਰੇ ਸਥਾਨ ’ਤੇ ਆਉਣ ਵਾਲਿਆਂ ਨੂੰ 4100 ਅਤੇ ਤੀਜੇ ਸਥਾਨ ਲਈ 3100 ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ। ਇਸੇ ਦੌਰਾਨ ਉਨ੍ਹਾਂ ਧਾਰਮਿਕ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅੰਦਰ ਸਿੱਖੀ ਚੇਤਨਤਾ ਫੈਲਾਅ ਰਹੀ ਹੈ ਅਤੇ ਹਰ ਸਾਲ ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀ ਬੈਠਦੇ ਹਨ। ਇਨ੍ਹਾਂ ਵਿੱਚੋਂ ਮੈਰਿਟ ਹਾਸਲ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਸਨਮਾਨਿਤ ਕਰਦੀ ਹੈ, ਜਿਸ ਤਹਿਤ ਅੱਜ 23 ਵਿਦਿਆਰਥੀਆਂ ਨੂੰ ਸਨਮਾਨਿਆ ਹੈ।