ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਪੁਲੀਸ ਨੇ ਬਸੰਤ ਐਵੀਨਿਊ ਦੀ ਇਕ ਕੋਠੀ ’ਚ ਜੂਆ ਖੇਡ ਰਹੇ ਤੇ ਖਿਡਾ ਰਹੇ 21 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਲਗਪਗ ਸਾਢੇ ਸੱਤ ਲੱਖ ਰੁਪਏ ਤੇ ਤਿੰਨ ਹੁੱਕੇ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਹਰਕੀਰਤ ਸਿੰਘ ਵਾਸੀ ਬਸੰਤ ਐਵੇਨਿਊ ਤੇ ਲਵਕੇਸ਼ ਕੁਮਾਰ ਵਜੋਂ ਹੋਈ ਹੈ,ਜਦੋਂਕਿ 19 ਹੋਰ ਵਿਅਕਤੀ ਸ਼ਾਮਲ ਹਨ। ਮਜੀਠਾ ਦੀ ਪੁਲੀਸ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਸੰਤ ਐਵੀਨਿਊ ਦੀ ਕੋਠੀ ਨੰਬਰ 6- ਡੀ ’ਚ ਜੂਆ ਖਿਡਾਇਆ ਤੇ ਖੇਡਿਆ ਜਾ ਰਿਹਾ ਹੈ। ਕੋਠੀ ਦਾ ਮਾਲਕ ਹਰਕੀਰਤ ਸਿੰਘ ਹੈ। ਉਸਦੇ ਨਾਲ ਲਵਕੇਸ਼ ਕੁਮਾਰ ਰਾਜੂ ਟਾਈਗਰ ਵੀ ਹੈ,ਜੋ ਲੋਕਾਂ ਨੂੰ ਉੱਥੇ ਬਿਠਾ ਕੇ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੁੱਕੇ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਲੀਸ ਨੇ ਕੋਠੀ ’ਚ ਛਾਪਾ ਮਾਰਿਆ ਤਾਂ ਉਥੋਂ ਜੂਆ ਖੇਡ ਰਹੇ 21 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 7 ਲੱਖ 50 ਹਜ਼ਾਰ 550 ਰੁਪਏ ਨਕਦ, ਤਾਸ਼ ਦੇ ਪੱਤੇ ਤੇ ਤਿੰਨ ਹੁੱਕੇ ਬਰਾਮਦ ਕੀਤੇ ਹਨ।
ਪੁਲੀਸ ਨੇ ਦੱਸਿਆ ਕਿ ਰਾਜੂ ਟਾਈਗਰ ਬੁੱਕੀ ਵਜੋਂ ਵੀ ਧੰਦਾ ਕਰਦਾ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਜੂਆ ਐਕਟ ਤੇ ਸਿਗਰਟ ਤੇ ਤੰਬਾਕੂ ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।
ਇਸੇ ਦੌਰਾਨ ਥਾਣਾ ਸਦਰ ਦੀ ਪੁਲੀਸ ਨੇ ਦੋ ਵਿਅਕਤੀਆਂ ਸ਼ਸ਼ੀ ਕੁਮਾਰ ਤੇ ਗੁਰਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਦਰ ’ਚ ਕੇਸ ਦਰਜ ਕੀਤਾ ਗਿਆ।