ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਵਿਰਸਾ ਵਿਹਾਰ ਕੇਂਦਰ ਵਿੱਚ ਅੱਜ ਸ਼ਾਮ ਨੂੰ ਵਰਿਆਮ ਸੰਧੂ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ। ਨਾਟਕ ਵਿੱਚ ਜੱਟ ਤੇ ਸੀਰੀ ਦਾ ਰਿਸ਼ਤਾ ਹੈ, ਜਿੱਥੇ ਬੇਸ਼ੱਕ ਰੰਗ, ਨਸਲ, ਜਾਤ ਦੀ ਦੂਰੀ ਵੀ ਹੈ ਪਰ ਦੁੱਖ-ਸੁੱਖ ਦੀ ਸਾਂਝ ਇਕੋ ਹੈ। ਨਾਟਕ ਦੇ ਮੁੱਖ ਪਾਤਰ ਨਿੰਦਰ ਨਾਲ ਬਚਪਨ ਤੋਂ ਹੁੰਦੀਆਂ ਵਧੀਕੀਆਂ ਦਾ ਜ਼ਿਕਰ ਹੈ। ਨਿਰਦੇਸ਼ਕ ਨਾਟਕ ਦੇ ਸ਼ੁਰੂ ਵਿਚ ਹੀ ਜਾਤਾਂ ਦੇ ਵਿਤਕਰੇ ਨਾਲ ਦਰਸ਼ਕ ਨੂੰ ਜੋੜਦਾ ਹੈ। ਇਸ ਨਾਟਕ ਵਿੱਚ ਮੁੱਖ ਪਾਤਰ ਨਿੰਦਰ ਦੇ ਰੂਪ ਵਿੱਚ ਗੁਰਤੇਜ ਮਾਨ ਨੇ ਬੇਹਤਰੀਨ ਅਦਾਕਾਰੀ ਕੀਤੀ, ਬਾਕੀ ਡੋਲੀ ਸੱਡਲ, ਅਰਵਿੰਦਰ ਚਮਕ, ਵਿਪਨ ਧਵਨ, ਹਰਿੰਦਰ ਸੋਹਲ, ਵਿਸ਼ੂ ਸ਼ਰਮਾ, ਸਾਜਨ ਸਿੰਘ, ਸਤਨਾਮ ਮੂੱਧਲ, ਗੁਰਦਿੱਤ ਸਿੰਘ, ਰੋਹਨ ਸਿੰਘ, ਵਿਸ਼ਾਲ ਸ਼ਰਮਾ, ਹਰਪ੍ਰੀਤ ਸਿੰਘ, ਸਨੇਹਲ ਕੁਮਾਰ ਆਦਿ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਵਿਖਾਈ।