ਪੱਤਰ ਪ੍ਰੇਰਕ
ਅੰਮ੍ਰਿਤਸਰ, 14 ਦਸੰਬਰ
ਯੰਗ ਮਲੰਗ ਸੁਸਾਇਟੀ ਦੇ ਕਲਾਕਾਰਾਂ ਨੇ ਪੰਜਾਬ ਨਾਟਸ਼ਾਲਾ ਵਿਚ ਦਵਿੰਦਰ ਗਿੱਲ ਦੇ ਲਿਖੇ ਅਤੇ ਸਾਜਨ ਕਪੂਰ ਦੇ ਨਿਰਦੇਸ਼ਿਤ ਕੀਤੇ ਨਾਟਕ ‘ਤਮਾਸ਼ਾ’ ਦਾ ਸਫਲ ਮੰਚਨ ਕੀਤਾ ਗਿਆ। ਹਾਸ ਵਿਅੰਗ ਢੰਗ ਨਾਲ ਪੇਸ਼ ਨਾਟਕ ਅੱਜ ਦੇ ਕਾਰੋਬਾਰੀ ਯੁੱਗ ਦੇ ਆਲੇ-ਦੁਆਲੇ ਘੁੰਮਦਾ ਹੈ।
ਨਾਟਕ ਵਿਚ ਇਹ ਵਿਖਾਇਆ ਗਿਆ ਹੈ ਕਿ ਅੱਜ ਅਸੀਂ ਉਸ ਦੌਰ ਵਿਚ ਜੀਅ ਰਹੇ ਹਾਂ, ਜਿਥੇ ਪੈਸਾ ਅਤੇ ਸ਼ੋਹਰਤ ਸਭ ਤੋਂ ਵੱਧ ਮਾਅਇਨੇ ਰੱਖਦੀ ਹੈ। ਨਾਟਕ ਦੀ ਕਹਾਣੀ ਤਿੰਨ ਮੱਧ ਵਰਗੀ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਹੜੇ ਕਿਸੇ ਵੀ ਕੀਮਤ ’ਤੇ ਪ੍ਰਸਿੱਧ ਹੋਣਾ ਲੋਚਦੇ ਹਨ। ਇਹ ਨਾਟਕ ਉਨ੍ਹਾਂ ਲੋਕਾਂ ਤੇ ਟੀਵੀ ਸ਼ੋਅ ’ਤੇ ਇਕ ਵਿਅੰਗ ਹੈ, ਜਿਹੜੇ ਰਿਆਲਟੀ ਸ਼ੋਅ ਜ਼ਰੀਏ ਆਪਣੀ ਪ੍ਰਸਿੱਧੀ ਦਾ ਦਾਅਵਾ ਕਰਦੇ ਹਨ। ਇਹ ਨਾਟਕ ਉਨ੍ਹਾਂ ਲੋਕਾਂ ’ਤੇ ਵੀ ਵਿਅੰਗ ਕਰਦਾ ਹੈ, ਜਿਹੜੇ ਆਪਣੀ ਪ੍ਰਸਿੱਧੀ ਦੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਕਰ ਸਕਦੇ ਹਨ।
ਨਾਟਕ ਵਿਚ ਹਨੀਸ਼ ਰਾਜਪੂਤ, ਅੰਸ਼ ਤੇਜਪਾਲ, ਨਿਧਿਤ ਚੋਪੜਾ, ਸਾਇਸ਼ਾ ਮਹਾਜਨ, ਪਵਨਦੀਪ ਸ਼ਰਮਾ, ਰੋਮੀ ਪੁੰਜ, ਜਾਨਵੀਰ, ਅਰਜੁਨ ਸਿੰਘ, ਦਾਨਿਸ਼ ਸਭਰਵਾਲ, ਕਿਰਨਪ੍ਰੀਤ ਕੌਰ, ਪਰਮਿੰਦਰ ਕੌਰ, ਅਭਿਸ਼ੇਕ ਨੇ ਬਾਖੂਬੀ ਆਪਣੀ ਭੂਮਿਕਾਵਾਂ ਨਿਭਾਈਆਂ। ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।