ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਈ
ਪੁਲੀਸ ਨੇ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਨ ਅਤੇ ਅਗਾਂਹ ਖਰੀਦਣ ਦੇ ਮਾਮਲੇ ਵਿੱਚ 4 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਨ੍ਹਾਂ ਕੋਲੋਂ ਚੋਰੀ ਕੀਤੇ ਹੋਏ 9 ਸਕੂਟਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਪੁਲੀਸ ਨੇ ਇਸ ਸਬੰਧੀ ਥਾਣਾ ਬੀ ਡਵੀਜਨ ਵਿਚ ਆਈਪੀਸੀ ਦੀ ਧਾਰਾ 411 ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਲਵਪ੍ਰ੍ਰੀਤ ਸਿੰਘ, ਰਣਜੀਤ ਸਿੰਘ, ਬੱਬੂ ੳਰਫ ਬਾਈਆ ਅਤੇ ਅਰਵਿੰਦਰ ਸਿੰਘ ਵਜੋਂ ਹੋਈ ਹੈ।
ਥਾਣਾ ਬੀ ਡਿਵੀਜ਼ਨ ਦੇ ਐੱਸਐੱਚੳ ਲਵਦੀਪ ਸਿੰਘ ਨੇ ਦਸਿਆ ਕਿ ਪੁਲੀਸ ਟੀਮ ਨੇ 100 ਫੁੱਟੀ ਰੋਡ ’ਤੇ ਲਾਏ ਗਏ ਨਾਕੇ ਦੌਰਾਨ 23 ਮਈ ਨੂੰ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ ਚੋਰੀ ਕੀਤਾ ਹੋਇਆ ਇਕ ਸਕੂਟਰ ਬਰਾਮਦ ਕੀਤਾ , ਜੋ ਉਸ ਨੇ ਕੁਝ ਦਿਨ ਪਹਿਲਾਂ ਹੀ ਗੋਕਲ ਕਾ ਬਾਗ ,ਪ੍ਰਤਾਪ ਨਗਰ ਇਲਾਕੇ ਵਿੱਚੋਂ ਚੋਰੀ ਕੀਤਾ ਸੀ। ਇਸ ਦੌਰਾਨ ਉਸ ਕੋਲੋਂ ਚੋਰੀ ਕੀਤੇ ਹੋਏ 3 ਹੋਰ ਸਕੂਟਰ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਚੋਰੀ ਕੀਤੇ 2 ਸਕੂਟਰ ਰਣਜੀਤ ਸਿੰਘ ਨੂੰ , 2 ਸਕੂਟਰ ਬੱਬੂ ਉਰਫ ਬਾਈਆ ਨੂੰ ਅਤੇ ਇਕ ਮੋਟਰਸਾਈਕਲ ਤੇ ਇਕ ਸਕੂਟਰ ਅਰਵਿੰਦਰ ਸਿੰਘ ਨੂੰ ਵੇਚੇ ਸਨ। ਪੁਲੀਸ ਨੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਦੇ ਖਰੀਦੇ ਹੋਏ ਸਕੂਟਰ ਆਦਿ ਬਰਾਮਦ ਕਰ ਲਏ ਹਨ।
ਮਹਿਲਾ ਦੀ ਮੰਗਵੀ ਸਕੂਟਰੀ ਚੋਰੀ
ਫਗਵਾੜਾ: ਇੱਥੋਂ ਦੇ ਸਿਵਲ ਹਸਪਤਾਲ ਨੇੜੇ ਪੈਂਦੇ ਬਸਰਾ ਹਸਪਤਾਲ ਦੇ ਬਾਹਰੋਂ ਐਕਟਿਵਾ ਚੋਰੀ ਹੋ ਗਈ। ਪੀੜਤ ਮਹਿਲਾ ਕਿਰਨਪ੍ਰੀਤ ਨੇ ਦੱਸਿਆ ਕਿ ਉਹ ਵਾਹਦਾ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਗੁਰਦਿਆ ਦੀ ਬਿਮਾਰੀ ਤੋਂ ਪੀੜਤ ਹਨ। ਅੱਜ ਉਹ ਆਪਣੇ ਪਿੰਡ ਦੇ ਕਿਸੇ ਵਿਅਕਤੀ ਕੋਲੋਂ ਮੰਗਵੀ ਐਕਟਿਵਾ ਲੈ ਕੇ ਇੱਥੇ ਆਈ ਸੀ ਤੇ ਜਦੋਂ 10 ਕੁ ਵਜੇ ਉਸ ਨੇ ਦੇਖਿਆ ਕਿ ਉਸਦੀ ਐਕਟਿਵਾ ਗਾਇਬ ਸੀ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। -ਪੱਤਰ ਪ੍ਰੇਰਕ