ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਪੁਲੀਸ ਨੇ ਲੁੱਟਾਂ ਖੋਹਾਂ, ਡਕੈਤੀ ਤੇ ਕਤਲ ਕਰਨ ਦੇ ਮਾਮਲਿਆਂ ਦੇ ਦੋਸ਼ ਹੇਠ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀ ਭਜਣ ’ਚ ਸਫਲ ਹੋ ਗਏ। ਪੁਲੀਸ ਨੇ ਇਨਾਂ ਕੋਲੋਂ ਦੋ ਪਿਸਤੌਲ, ਤਿੰਨ ਦਾਤਰ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਵਿਸ਼ਾਲ ਕੁਮਾਰ ਉਰਫ ਬਈਆ, ਅਕਸ਼ੈ ਕੁਮਾਰ, ਜੋਬਨਜੀਤ ਸਿੰਘ ਉਰਫ ਜੋਬਨ ਤੇ ਰਣਜੋਧ ਸਿੰਘ ਉਰਫ ਜੋਧਾ ਸ਼ਾਮਲ ਹਨ। ਇਨਾਂ ਕੋਲੋਂ ਪੁੱਛਗਿਛ ਮਗਰੋਂ ਇਨ੍ਹਾਂ ਦੇ ਦੋ ਹੋਰ ਸਾਥੀ ਜਸਪਿੰਦਰ ਸਿੰਘ ਉਰਫ ਬਾਬਾ, ਜਸਕਰਨ ਸਿੰਘ ਉਰਫ ਜੱਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਇਹ ਵਿਅਕਤੀ ਪੁਲੀਸ ਨੂੰ ਵੱਖ ਵੱਖ ਮਾਮਲਿਆਂ ਵਿੱਚ ਲੋੜੀਂਦੇ ਸਨ। ਇਨਾਂ ਖ਼ਿਲਾਫ਼ ਵੱਖ ਵੱਖ ਥਾਣਿਆਂ ’ਚ 29 ਮਾਮਲੇ ਦਰਜ ਹਨ ਜਿਨਾਂ ’ਚ ਕਤਲ, ਇਰਾਦਾ ਕਤਲ, ਪੈਟਰੋਲ ਪੰਪ ਲੁੱਟਣ, ਕਾਰਾਂ ਤੇ ਮੋਟਰਸਾਈਕਲ ਖੋਹਣ, ਮੋਬਾਈਲ ਫੋਨ ਖੋਹਣ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਥਾਣਾ ਵੇਰਕਾ ਦੀ ਪੁਲੀਸ ਨੇ ਛਾਪੇ ਮਾਰ ਕੇ ਇਨਾਂ ’ਚੋਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਦੋਂਕਿ ਇਨਾਂ ਦੇ ਬਾਕੀ ਸਾਥੀ ਮੌਕੇ ਤੋਂ ਹਨ੍ਹੇਰੇ ਦਾ ਲਾਭ ਲੈ ਕੇ ਭੱਜ ਗਏ। ਪੁੱਛਗਿਛ ਤੋਂ ਬਾਅਦ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਦਾਤਰ ਤੇ ਦੋ ਮੋਟਰਸਾਇਕਲ ਬਰਾਮਦ ਕੀਤੇ ਹਨ। ਇਨਾਂ ਦੇ ਬਾਕੀ ਸਾਥੀਆਂ ਦੀ ਵੀ ਪੁਲੀਸ ਨੇ ਸ਼ਨਾਖਤ ਕਰ ਲਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ’ਚ ਸੂਰਜ, ਪ੍ਰਿੰਸ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਉਰਫ ਗੱਟੂ, ਮਨੀ ਸਿੰਘ ਉਰਫ ਮੋਟਾ ਤੇ ਲਵਿਸ਼ ਮੱਲੀ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਗਰੋਹ ਬਣਾਇਆ ਹੈ ਤੇ ਇਹ ਵੱਖ ਵੱਖ ਥਾਵਾਂ ਤੋਂ ਲੁੱਟਾਂ ਖੋਹਾਂ ਕਰਦੇ ਹਨ।
ਪੁਲੀਸ ਨੂੰ ਇਹ 88 ਫੁਟ ਰੋਡ ’ਤੇ ਔਰਤ ਦੇ ਕਤਲ, ਵੇਰਕਾ ਬਾਈਪਾਸ ਸਮੇਤ ਹੋਰ ਕਈ ਥਾਵਾਂ ਤੋਂ ਵਾਹਨ ਖੋਹਣ ਦੇ ਮਾਮਲੇ ਵਿਚ ਲੋੜੀਂਦੇ ਹਨ। ਇਸੇ ਤਰ੍ਹਾਂ ਜ਼ਿਲਾ ਦਿਹਾਤੀ ਪੁਲੀਸ ਨੂੰ 14 ਮਾਮਲਿਆਂ ’ਚ ਤਰਨ ਤਾਰਨ ਪੁਲੀਸ ਨੂੰ ਦੋ ਮਾਮਲਿਆਂ ਤੇ ਲੁਧਿਆਣਾ ਪੁਲੀਸ ਨੂੰ ਇਕ ਮਾਮਲੇ ਵਿਚ ਲੋੜੀਂਦੇ ਹਨ।