ਪੱਤਰ ਪ੍ਰੇਰਕ
ਪਠਾਨਕੋਟ, 13 ਜੂਨ
ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਛਾਪਾ ਮਾਰ ਕੇ ਸੈਲੀ ਰੋਡ ਸਥਿਤ ਕਿਰਾਏ ਦੇ ਮਕਾਨ ਵਿੱਚ ਜੂਆ ਖੇਡ ਰਹੇ 7 ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 3 ਲੱਖ 65 ਹਜ਼ਾਰ 750 ਰੁਪਏ ਦੀ ਰਾਸ਼ੀ ਮੌਕੇ ’ਤੇ ਬਰਾਮਦ ਕੀਤੀ ਹੈ। ਇਨ੍ਹਾਂ ਖ਼ਿਲਾਫ਼ ਜੂਆ ਐਕਟ, ਆਈਪੀਸੀ ਦੀ ਧਾਰਾ 194-ਏ ਅਤੇ ਲਾਟਰੀ ਰੈਗੂਲੇਸ਼ਨ ਐਕਟ ਦੀ ਧਾਰਾ 7 (3) ਤਹਿਤ ਕੇਸ ਦਰਜ ਕਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਇੱਕ ਮਕਾਨ ਵਿੱਚ ਜੂਆ ਖੇਡ ਰਹੇ ਹਨ। ਇਸ ਤੋਂ ਬਾਅਦ ਸੂਚਨਾ ਦੇ ਅਧਾਰ ’ਤੇ ਉਕਤ ਕੋਠੀ ਵਿੱਚ ਜਦ ਛਾਪਾ ਮਾਰਿਆ ਤਾਂ ਉੱਥੇ 7 ਵਿਅਕਤੀਆਂ ਨੂੰ ਜੂਆ ਖੇਡਦਿਆਂ ਮੌਕੇ ’ਤੇ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਦੀ ਪਛਾਣ ਰੂਬਮ ਵਾਸੀ ਸੈਲੀ ਰੋਡ, ਅਮਿਤ ਵਾਸੀ ਸ਼ਾਹ ਕਲੋਨੀ, ਵਰਿੰਦਰ ਵਾਸੀ ਅੰਗੂਰਾ ਵਾਲਾ ਬਾਗ, ਪਵਨ ਵਾਸੀ ਸੈਲੀ ਕੁਲੀਆਂ, ਭਾਨੂੰ ਵਾਸੀ ਖਾਨਪੁਰ, ਵਿਜੇ ਵਾਸੀ ਸ਼ਾਹ ਕਲੋਨੀ ਅਤੇ ਸੰਜੀਵ ਵਾਸੀ ਮਿਸ਼ਨ ਰੋਡ ਦੇ ਰੂਪ ਵਿੱਚ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਕਤ ਕੋਠੀ ਨੂੰ ਕਿਰਾਏ ’ਤੇ ਲਿਆ ਹੋਇਆ ਸੀ ਅਤੇ ਉਹ ਤਾਸ਼ ਤੇ ਕਸੀਨਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਟੋਕਨਾਂ ਦੇ ਮਾਧਿਅਮ ਨਾਲ ਜੂਆ ਖੇਡ ਰਹੇ ਸਨ।
ਇਸ ਦੇ ਇਲਾਵਾ ਮੁਲਜ਼ਮਾਂ ਵੱਲੋਂ ਲੈਪਟਾਪ ਤੇ ਮੋਬਾਈਲ ਫੋਨਾਂ ਦੀ ਸਹਾਇਤਾ ਨਾਲ ਪੰਜਾਬ ਸਟੇਟ ਦੀ ਲਾਟਰੀ ਦੀ ਆੜ ਵਿੱਚ ਆਨਲਾਈਨ ਸੱਟਾ ਵੀ ਲਗਾਇਆ ਜਾ ਰਿਹਾ ਸੀ।