ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 23 ਫਰਵਰੀ
ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਵੱਖ-ਵੱਖ ਜਗ੍ਹਾ ‘ਤੇ ਚਾਰ ਬੈਂਕ ਲੁੱਟਣ ਵਾਲੇ ਗਰੋਹ ਦੇ 8 ਮੈਂਬਰ ਪੁਲੀਸ ਨੇ ਭਾਰੀ ਅਸਲੇ, ਵਾਰਦਾਤ ਵਿਚ ਵਰਤੀ ਕਾਰ ਅਤੇ ਮੋਬਾਈਲ ਸਮੇਤ ਕਾਬੂ ਕੀਤੇ ਹਨ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੀਪਕ ਹਿਲੋਰੀ ਨੇ ਦੱਸਿਆ ਬੀਤੇ ਦਿਨ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿਚ ਚਾਰ ਬੈਂਕਾਂ ਵਿਚ ਲੁੱਟ ਅਤੇ ਇਕ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼ ਸਬੰਧੀ ਮਾਮਲਿਆਂ ਨੂੰ ਹੱਲ ਕਰਨ ਲਈ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਮੁਨੀਸ਼ ਚਾਵਲਾ ਨੇ ਵਿਸ਼ੇਸ਼ ਟੀਮ ਬਣਾਈ ਸੀ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਗਸ਼ਤ ਦੌਰਾਨ ਮਾਨਾਂਵਾਲਾ ਅੱਡੇ ‘ਤੇ ਮੌਜੂਦ ਸਨ ਤੇ ਉਨ੍ਹਾਂ ਨੇ ਸੂਹ ਦੇ ਅਧਾਰ ’ਤੇ ਵਿਜੇ ਕੁਮਾਰ, ਸੰਦੀਪ ਸਿੰਘ ਤੇ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ ਪੁੱਛ ਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੇ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਕੁਲਵਿੰਦਰ ਸਿੰਘ ਤੇ ਕਾਜਲ ਇਨ੍ਹਾਂ ਨਾਲ ਮਿਲ ਕੇ ਬੈਂਕ ਡਕੈਤੀਆਂ ਕਰਦੇ ਸਨ। ਹੁਣ ਉਨ੍ਹਾਂ ਦੇ ਇਹ ਸਾਥੀ ਕਾਰ ਪੀਬੀ 02 ਡੀਐੱਲ 2581 ਵਿੱਚ ਜੰਡਿਆਲਾ ਗੁਰੂ ਵਿਖੇ ਬੈਂਕ ਡਕੈਤੀ ਕਰਨ ਆ ਰਹੇ ਹਨ। ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਟੀ ਪੁਆਇੰਟ ‘ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਇਸ ਗੱਡੀ ਨੂੰ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਥਾਂ ‘ਤੇ ਐੱਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਕਾਰ ਵਾਪਸ ਜਲੰਧਰ ਵੱਲ ਭਜਾ ਲਈ। ਪੁਲੀਸ ਪਾਰਟੀ ਵੱਲੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਅੱਡਾ ਟਾਂਗਰਾ ਵਿਖੇ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲੈਣ ‘ਤੇ 2 ਪਿਸਤੌਲ, 16 ਕਾਰਤੂਸ ਅਤੇ 2 ਖਾਲੀ ਕਾਰਤੂਸ ਬਰਾਮਦ ਹੋਏ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਵਿੱਕੀ ਵਾਸੀ ਮਜੀਠਾ, ਵਿਜੇ ਕੁਮਾਰ ਵਾਸੀ ਮੱਖੀ ਕਲਾਂ, ਸੰਦੀਪ ਸਿੰਘ ਉਰਫ ਕਾਕਾ ਮਨਜੀਤ ਸਿੰਘ ਉਰਫ਼ ਸੋਨੂੰ ਵਾਸੀ ਬਾਸਰਕੇ ਭੈਣੀ ਕੁਲਵਿੰਦਰ ਸਿੰਘ ਉਰਫ ਮੱਧਰ ਵਾਸੀ ਤਲਵੰਡੀ ਨਾਹਰ, ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਵਾਰਡ ਨੰਬਰ ਪੰਜ ਪੱਟੀ, ਕਾਜਲ ਵਾਸੀ ਸੁੰਦਰ ਨਗਰ ਬਟਾਲਾ ਰੋਡ ਅੰਮ੍ਰਿਤਸਰ ਤੇ ਦਰਸ਼ਪ੍ਰੀਤ ਸਿੰਘ ਉਰਫ ਕ੍ਰਿਸ਼ਨਾ ਵਾਸੀ ਦੇਸੂਵਾਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ। ਪੁਲੀਸ ਨੇ ਇਨ੍ਹਾਂ ਕੋਲੋਂ 28 ਲੱਖ 2 ਹਜਾਰ 7 ਸੌ ਰੁਪਏ, 3 ਪਿਸਤੌਲ 32 ਬੋਰ, 1 ਪਿਸਤੌਲ 30 ਬੋਰ, 1 ਆਈ ਟਵੰਟੀ ਕਾਰ, 2 ਮੋਟਰਸਾਈਕਲ ਬਰਾਮਦ ਕੀਤੇ ਹਨ।