ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਨਵੰਬਰ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਭਾਰਤ ਦੇ 11 ਰਾਜਾਂ ਤੋਂ 27 ਮੈਂਬਰੀ ਵਫ਼ਦ ਸਿੱਖ ਇਤਿਹਾਸ ਬਾਰੇ ਗਹਿਰੀ ਤੇ ਪੁਖਤਾ ਜਾਣਕਾਰੀ ਪ੍ਰਾਪਤ ਕਰਨ ਲਈ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਇੱਥੇ ਪਹੁੰਚਿਆ। ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਗੋਸ਼ਟੀ ‘ਚ ਮਹਾਂਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ, ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਨਾਗਾਲੈਂਡ, ਜੰਮੂ ਤੇ ਕਸ਼ਮੀਰ, ਦਿੱਲੀ ਤੋਂ ਆਇਆ 27 ਮੈਂਬਰੀ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ। ਵਫ਼ਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਪੁਰਾਤਨ ਤੇ ਇਤਿਹਾਸਕ ਵਿੱਦਿਅਕ ਸੰਸਥਾ ਹੈ। ਸਾਨੂੰ ਜਾਣਕਾਰੀ ਮਿਲੀ ਕਿ ਕਾਲਜ ਨਾਲ ਹੀ ਸਬੰਧਿਤ ਸਕੂਲ ਹੈ। ਇਸੇ ਲਈ ਸਾਡਾ 27 ਮੈਂਬਰੀ ਵਫ਼ਦ ਸਿੱਖਇਜ਼ਮ ਬਾਰੇ ਹਰੇਕ ਪਹਿਲੂ ਸਬੰਧੀ ਡੂੰਘਾਈ ਨਾਲ ਜਾਣਕਾਰੀ ਹਾਸਲ ਕਰਨ ਲਈ ਅੱਜ ਇੱਥੇ ਪੁੱਜਿਆ ਹੈ।
ਇਸ ਮੌਕੇ ਰਣਜੀਤ ਮਾਸਕੇ ਮਹਾਂਰਾਸ਼ਟਰ, ਸਹਿਜਾਦ ਅਹਿਮਦ ਕਸ਼ਮੀਰ, ਅਸਿੰਬੇ ਨਾਗਾਲੈਂਡ, ਪ੍ਰਤਿਭਾ ਝਾਰਖੰਡ ਤੇ ਹੋਰ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ 15 ਸਤੰਬਰ ਤੋਂ ਸ਼ੁਰੂ ਕੀਤੀ ਨੈਤਿਕ ਲੀਡਰਸ਼ਿਪ ਟ੍ਰੇਨਿੰਗ 15 ਦਸੰਬਰ 2023 ਤਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਫ਼ਦ ਵਲੋਂ ਭਾਰਤ ਦੀਆਂ ਵੱਖ-ਵੱਖ ਸੇਟਟਾਂ ‘ਚ ਜਾ ਕੇ ਉਥੋਂ ਦੇ ਸੱਭਿਆਚਾਰ, ਸੁਸਾਇਟੀ ਅਤੇ ਰਾਜਨੀਤੀ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਵੰਡ ਦੇ ਦੁਖਾਂਤ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ। ਵਫ਼ਦ ਨੇ ਡਾ. ਗੋਗੋਆਣੀ ਨਾਲ ਵਿਚਾਰ ਗੋਸ਼ਟੀ ਵੀ ਰਚਾਈ। ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ‘ਚ ਡਾ. ਗੋਗੋਆਣੀ ਨੂੰ ਸਿੱਖ ਫਿਲਾਸਫੀ, ਗੁਰੂ ਗ੍ਰੰਥ ਸਾਹਿਬ, ਕਕਾਰਾਂ ਦੀ ਮਹਾਨਤਾ, ਅੰਮ੍ਰਿਤ ਦੀ ਦਾਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸੰਗਤ ਤੇ ਪੰਗਤ, ਸਿੱਖਇਜ਼ਮ ‘ਚ ਸਿਰ ਢਕਣ ਦੀ ਮਰਿਯਾਦਾ, ਅੰਮ੍ਰਿਤ ਵੇਲੇ ਦੀ ਮਹਾਨਤਾ, ਨਿਤਨੇਮ, ਦਸਤਾਰ ਦੀ ਮਹਾਨਤਾ ਤੇ ਔਰਤ ਜਾਤੀ ਦੇ ਸਨਮਾਨ ਬਾਰੇ ਸਵਾਲ ਕੀਤੇ। ਉਨ੍ਹਾਂ ਵਫ਼ਦ ਨੂੰ ਗੁਰਬਾਣੀ ਦੇ ਨਜ਼ਰੀਏ ਤੇ ਗੁਰਮਤਿ ਅਨੁਸਾਰ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾ. ਗੋਗੋਆਣੀ ਨੇ ਕਿਹਾ ਕਿ ਅਸੀਂ ਤਨ ਦੀ ਖੁਰਾਕ ਦਾ ਤਾਂ ਧਿਆਨ ਰੱਖਦੇ ਹਾਂ ਸਾਨੂੰ ਮਨ ਦੀ ਖੁਰਾਕ ਵੀ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਵਿਚਾਰ, ਚੰਗੀ ਸੰਗਤ, ਚੰਗਾ ਬੋਲ ਚਾਲ, ਚੰਗਾ ਸਾਹਿਤ ਵੀ ਮਨ ਦੀ ਖੁਰਾਕ ਹੈ।