ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਨਵੰਬਰ
ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ’ਚ ਇਸ ਵਿਦਿਅਕ ਸੈਸ਼ਨ ਦੌਰਾਨ ਲਗਪਗ 11 ਹਜ਼ਾਰ ਨਵੇਂ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਵਿਦਿਅਕ ਤਰਜੀਹਾਂ ਸਬੰਧੀ ਕੀਤੀ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਵਿਦਿਅਕ ਸੰਸਥਾ ਸਿੱਖਿਆ ਦਾ ਚਾਨਣ ਵੰਡਣ ਦੇ ਨਾਲ-ਨਾਲ ਖੇਡਾਂ, ਸਮਾਜਿਕ ਗਤੀਵਿਧੀਆਂ ਤੇ ਨੈਤਿਕ ਸਿੱਖਿਆ ਦੇ ਪ੍ਰਸਾਰ ’ਚ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਸਕੂਲਾਂ ’ਚ 8 ਹਜ਼ਾਰ ਤੇ ਕਾਲਜਾਂ ’ਚ 3400 ਵਿਦਿਆਰਥੀਆਂ ਦਾ ਵਾਧਾ ਹੋਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਿਆ ਸੰਸਥਾਵਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਕਾਰਜਸ਼ੀਲ ਹੈ। ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਆਦੇਸ਼ ਹੈ ਕਿ ਕਿਸੇ ਵੀ ਊਣਤਾਈ ਨੂੰ ਬਰਦਾਸ਼ਤ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤਹਿਤ ਬੈਠਕਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ, ਜਿਸ ਵਿੱਚ ਆਏ ਸੁਝਾਵਾਂ ਅਨੁਸਾਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ’ਚ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਵੱਡਾ ਯੋਗਦਾਨ ਹੈ। ਇਸ ਦੇ ਨਾਲ ਹੀ ਨੌਜੁਆਨੀ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ’ਚ ਵੀ ਵਿਦਿਅਕ ਅਦਾਰਿਆਂ ਦਾ ਜ਼ਿਕਰਯੋਗ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਵਿਦਿਅਕ ਨੀਤੀ ਬਹੁਪੱਖੀ ਹੈ, ਜਿਸ ਤਹਿਤ ਅਕਾਦਮਿਕ ਤਰਜੀਹਾਂ ਤੋਂ ਇਲਾਵਾ ਵਿਦਿਆਰਥੀਆਂ ਵਿਚ ਸਮਾਜ ਦੇ ਚੰਗੇ ਨਾਗਰਿਕ ਬਣਨ ਪ੍ਰਤੀ ਰੁਚੀਆਂ ਪੈਦਾ ਕੀਤੀਆਂ ਜਾਂਦੀਆਂ ਹਨ।
ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਕੀਤੀ ਮੀਟਿੰਗ ’ਚ ਡਾਇਰੈਕਟਰ ਵਿਦਿਆ ਪ੍ਰਿੰਸੀਪਲ ਸਤਵੰਤ ਕੌਰ, ਇੰਚਾਰਜ ਵਿਦਿਆ ਕਾਰਜ ਸਿੰਘ, ਮਨਿੰਦਰਮੋਹਨ ਸਿੰਘ, ਪ੍ਰਿੰਸੀਪਲ ਡਾ. ਗਗਨਦੀਪ ਸਿੰਘ, ਪ੍ਰਿੰਸੀਪਲ ਡਾ. ਫੁਲਵਿੰਦਰਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਮਨਦੀਪ ਸਿੰਘ, ਪ੍ਰੋ. ਧਿਆਨ ਸਿੰਘ, ਡਾ. ਜਸਪਾਲ ਸਿੰਘ, ਡਾ. ਜਤਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਡਾ. ਪ੍ਰਭਦੀਪ ਕੌਰ, ਪ੍ਰਿੰਸੀਪਲ ਜਗਰੂਪ ਕੌਰ, ਪ੍ਰਿੰਸੀਪਲ ਮਨਿੰਦਰਪਾਲ ਕੌਰ ਆਦਿ ਹਾਜ਼ਰ ਸਨ।