ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਅਕਤੂਬਰ
ਲੁੱਟ ਖੋਹ ਦੀ ਇੱਕ ਘਟਨਾ ਵਿੱਚ ਆਟੋ ਰਿਕਸ਼ਾ ਸਵਾਰ ਔਰਤ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਖਿੱਚ ਕੇ ਹੇਠ ਸੁੱਟ ਦਿੱਤਾ ਅਤੇ ਉਸ ਦਾ ਮੋਬਾਈਲ ਖੋਹ ਲਿਆ। ਇਸ ਕਾਰਨ ਔਰਤ ਜ਼ਖਮੀ ਹੋ ਗਈ। ਇੱਕ ਹੋਰ ਘਟਨਾ ਵਿੱਚ ਮਾਹਲ ਪਿੰਡ ਬਾਈਪਾਸ ਨੇੜੇ ਇੱਕ ਔਰਤ ਤੋਂ ਅਣਪਛਾਤੇ ਲੁਟੇਰਿਆਂ ਨੇ ਸਕੂਟਰ ਖੋਹ ਲਿਆ। ਲੁੱਟ ਖੋਹ ਦਾ ਸ਼ਿਕਾਰ ਬਣੀ ਰਜਨੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਟੋ ਰਿਕਸ਼ਾ ਰਾਹੀ ਰੇਲਵੇ ਸਟੇਸ਼ਨ ਤੋਂ ਛੇਹਰਟਾ ਜਾ ਰਹੀ ਸੀ। ਉਸ ਨੇ ਦੱਸਿਆ ਕਿ ਪੁਤਲੀਘਰ ਚੌਕ ਤੋਂ ਕੁਝ ਪਹਿਲਾਂ ਹੀ ਪਿੱਛੋ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਵਿਰੋਧ ਕੀਤਾ ਪਰ ਲੁਟੇਰਿਆਂ ਨੇ ਜ਼ਬਰਦਸਤੀ ਮੋਬਾਈਲ ਖੋਹ ਲਿਆ ਜਿਸ ਕਾਰਨ ਉਹ ਆਟੋ ਰਿਕਸ਼ਾ ਤੋਂ ਹੇਠਾਂ ਡਿੱਗ ਗਈ। ਇਸ ਘਟਨਾ ‘ਚ ਉਸ ਨੂੰ ਸੱਟਾਂ ਲੱਗੀਆਂ। ਜਵਿੇਂ ਹੀ ਉਸਨੇ ਰੋਲਾ ਰੱਪਾ ਪਾਇਆ ਤਾਂ ਲੋਕਾਂ ਨੇ ਮੋਟਰਸਾਈਕਲ ਸਵਾਰ ਨੂੰ ਫੜ ਲਿਆ ਅਤੇ ਮੋਬਾਈਲ ਬਰਾਮਦ ਕਰ ਲਿਆ। ਬਾਅਦ ਵਿੱਚ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਜਿੰਦਰ ਉਰਫ ਭੀਮਾ ਵਜੋਂ ਹੋਈ। ਦੂਜੀ ਘਟਨਾ ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਨੇ ਮਮਤਾ ਸ਼ਰਮਾ ਦਾ ਸਕੂਟਰ ਖੋਹ ਲਿਆ। ਉਸ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਉਹ ਆਪਣੀ ਧੀ ਨੂੰ ਲੈ ਕੇ ਘਰ ਪਰਤ ਰਹੀ ਸੀ। ਜਦੋਂ ਉਹ ਅੰਮ੍ਰਿਤਸਰ-ਅਟਾਰੀ ਬਾਈਪਾਸ ਰੋਡ ’ਤੇ ਪਿੰਡ ਮਾਹਲ ਫਲਾਈਓਵਰ ਨੇੜੇ ਪੁੱਜੇ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਉਨ੍ਹਾਂ ਦਾ ਸਕੂਟਰ ਅਤੇ ਮੋਬਾਈਲ ਫੋਨ ਖੋਹ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕੇਸਾਂ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।