ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੇ ਪੰਜਾਬੀ ਅਧਿਐਨ ਸਕੂਲ ਵਲੋਂ ਅੱਜ ‘ਪੰਜਾਬ ਦਿਵਸ’ ਨੂੰ ਸਮਰਪਿਤ ਪੰਜਾਬੀ ਸਪਤਾਹ ਦੇ ਪਹਿਲੇ ਦਿਨ ‘ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦੀ ਸੰਰਚਨਾ’ ਵਿਸ਼ੇ ’ਤੇ ਅਕਾਦਮਿਕ ਭਾਸ਼ਣ ਕਰਵਾਇਆ ਗਿਆ। ਭਾਸ਼ਣ ਦੇ ਮੁੱਖ ਵਕਤਾ ਸੇਵਾ-ਮੁਕਤ ਪ੍ਰੋਫੈ਼ਸਰ,ਪੰਜਾਬੀ ਅਧਿਐਨ ਸਕੂਲ ਡਾ. ਜੋਗਿੰਦਰ ਸਿੰਘ ਕੈਰੋਂ ਸਨ। ਸਮਾਗਮ ਵਿਚ ਓਐੱਸਡੀ. ਵਾਈਸ ਚਾਂਸਲਰ ਡਾ.ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਧੀਵਤ ਵਿਕਾਸ,ਪ੍ਰਚਾਰ ਅਤੇ ਪ੍ਰਸਾਰ ਕਰਨਾ ਯੂਨੀਵਰਸਿਟੀ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬੀ ਅਧਿਐਨ ਸਕੂਲ ਪੂਰਨ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਰਹਿੰਦਾ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਨੇ ਲੋਕਧਾਰਾ ਅਤੇ ਸਭਿਆਚਾਰ ਨੂੰ ਪਰਿਭਾਸ਼ਤ ਕੀਤਾ ਅਤੇ ਲੋਕਧਾਰਾ ਦੇ ਤੱਤਾਂ ਤੇ ਲੋਕਧਾਰਾਈ ਅਧਿਐਨ -ਵਿਧੀਆਂ ਬਾਰੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਕਿਸੇ ਵੀ ਸਭਿਆਚਾਰਕ ਟੈਕਸਟ ਦੀ ਸਹੀ ਸਮਝ ਉਸ ਦੀ ਸੰਰਚਨਾ ਦੇ ਤੱਤਾਂ ਦੀ ਅੰਤਰ-ਸਬੰਧਤਾ ਵਿੱਚੋਂ ਪਛਾਣੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੰਦੇ ਦੀ ਸ਼ਖ਼ਸੀਅਤ ਦਾ ਨਿਰਮਾਣ ਪੰਜਾਬ ਦੀ ਲੋਕਧਾਰਾ ਵਿਚੋਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੇ ਭਾਸ਼ਾ ਨਾਲ ਸਬੰਧਤ ਵਿਭਾਗਾਂ ਵਿੱਚ ਲੋਕਧਾਰਾ ਦੇ ਅਨੁਸ਼ਾਸਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੋਣਾ ਚਾਹੀਦਾ ਹੈ। ਸਮਾਗਮ ਦੇ ਅੰਤ ‘ਤੇ ਵਿਭਾਗ ਦੀ ਸੀਨੀਅਰ ਅਧਿਆਪਕਾ ਡਾ.ਰਮਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।