ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਅਗਸਤ
ਇੱਥੇ ਸੋਮਵਾਰ ਤੇ ਮੰਗਲਵਾਰ ਦੀ ਦਰਮਿਅਨੀ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਕਥਿਤ ਡਰੋਨ ਦੇਖੇ ਜਾਣ ਮਗਰੋਂ ਅੱਡੇ ਦੀ ਸੁਰਖਿਆ ਲੈ ਕੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏਏਆਈ) ਚੌਕਸ ਹੋ ਗਈ ਹੈ। ਇਸ ਸਬੰਧ ਵਿੱਚ ਏਏਆਈ ਵੱਲੋਂ ਇੱਥੇ ਹਵਾਈ ਅੱਡੇ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਅੰਮ੍ਰਿਤਸਰ ਦਿਹਾਤੀ ਪੁਲੀਸ ਅਤੇ ਹੋਰ ਵਿਭਾਗਾਂ ਦੇ ਮੁਖੀਆਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ।
ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਏਅਰਪੋਰਟ ਕੰਪਲੈਕਸ ਦੇ ਨੇੜੇ ਡਰੋਨ ਦੇਖੇ ਗਏ ਹਨ, ਜਿਸ ਕਾਰਨ ਲਗਪਗ ਤਿੰਨ ਘੰਟਿਆਂ ਲਈ ਉਡਾਣਾਂ ਨੂੰ ਮੁਅੱਤਲ ਕਰਨਾ ਪਿਆ ਹੈ। ਸੀਆਈਐੱਸਐੱਫ ਨੇ ਪੰਜਾਬ ਪੁਲੀਸ ਨਾਲ ਮਿਲ ਕੇ ਹਵਾਈ ਅੱਡੇ ਨੇੜੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਡਰੋਨ ਬਰਾਮਦ ਨਹੀਂ ਹੋਇਆ। ਹਵਾਈ ਅੱਡੇ ਦੇ ਡਾਇਰੈਕਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਏਅਰ ਟਰੈਫਿਕ ਕੰਟਰੋਲ ਰੂਮ ਨੇ ਕੰਟਰੋਲ ਟਾਵਰ ਦੇ ਨੇੜੇ ਕੁੱਝ ਸ਼ੱਕੀ ਵਸਤੂਆਂ ਨੂੰ ਦੇਖਿਆ ਅਤੇ ਏਏਆਈ ਨੇ ਪ੍ਰੋਟੋਕੋਲ ਅਨੁਸਾਰ ਸਾਰੇ ਸੁਰੱਖਿਆ ਉਪਾਅ ਕੀਤੇ ਹਨ। ਮੀਟਿੰਗ ਵਿੱਚ ਸੀਨੀਅਰ ਕਮਾਂਡੈਂਟ ਸੀਆਈਐੱਸਐੱਫ, ਚੀਫ ਸਕਿਉਰਿਟੀ ਅਫਸਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਹਵਾਈ ਫੌਜ, ਵੱਖ-ਵੱਖ ਏਅਰਲਾਈਨਜ਼ ਦੇ ਪ੍ਰਤੀਨਿਧ ਹਾਜ਼ਰ ਸਨ। ਪੁਲੀਸ ਦੇ ਸਹਾਇਕ ਕਮਿਸ਼ਨਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਹਵਾਈ ਅੱਡੇ ਦੇ ਆਲੇ-ਦੁਆਲੇ ਕੋਈ ਡਰੋਨ ਨਹੀਂ ਮਿਲਿਆ ਹੈ। ਹਵਾਈ ਅੱਡੇ ’ਤੇ ਰਾਡਾਰਾਂ ਨੇ ਵੀ ਕੋਈ ਉੱਡਦੀ ਵਸਤੂ ਨਹੀਂ ਵੇਖੀ ਹੈ।