ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਈ
ਆਮ ਆਦਮੀ ਪਾਰਟੀ ਵੱਲੋਂ ਅੱਜ ਇੱਥੇ ਭੰਡਾਰੀ ਪੁਲ ’ਤੇ ਰਾਵੀ ਦਰਿਆ ਵਿੱਚ ਹੋ ਰਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਵੰਤ ਸਿੰਘ, ਸੀਮਾ ਸੋਢੀ, ਸੋਨੂੰ ਜਾਫਰ ਤੇ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿਹਾਤੀ ਪੁਲੀਸ ਨੇ ਰੇਤੇ ਦੇ ਗੈਰ-ਕਾਨੂੰਨੀ ਖਣਨ ਨੂੰ ਰੋਕਣ ਲਈ ਵੱਡੀ ਕਾਰਵਾਈ ਕੀਤੀ ਸੀ, ਜਿਸ ਤਹਿਤ ਟਰੱਕ, ਟਰਾਲੀਆਂ, ਟਿੱਪਰ ਅਤੇ ਜੇਸੀਬੀ ਮਸ਼ੀਨਾਂ ਸਮੇਤ ਕਈ ਲੋਕ ਗ੍ਰਿਫਤਾਰ ਕੀਤੇ ਗਏ ਸਨ। ਇਸ ਸਬੰਧੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਸੀ। ਰਾਵੀ ਦਰਿਆ ਵਿਚ ਘੋਨੇਵਾਲ ਤੇ ਕੱਸੋਵਾਲ ਆਦਿ ਖੱਡਾਂ ’ਚ ਮੁੜ ਖਣਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰੀ ਮਿਲੀ-ਭੁਗਤ ਨਾਲ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਖੱਡਾਂ ਵਿੱਚ ਖਣਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਮੌਕੇ ‘ਆਪ’ ਦੇ ਵੱਡੀ ਗਿਣਤੀ ਕਾਰਕੁਨ ਹਾਜ਼ਰ ਸਨ।