ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਾਰਚ
ਸਿਆਸੀ ਅਨੁਮਾਨਾਂ ਨੂੰ ਸੱਚ ਵਿਚ ਤਬਦੀਲ ਕਰਦਿਆਂ ਅੱਜ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚੋਂ ਨੌਂ ਹਲਕਿਆਂ ਵਿਚ ਵੱਡੀ ਜਿੱਤ ਪ੍ਰਾਪਤ ਕਰਦਿਆਂ ਝਾੜੂ ਨਾਲ ਹੂੰਝਾ ਫੇਰ ਦਿੱਤਾ ਹੈ। ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਮਹਾਰਥੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਜਿਨ੍ਹਾਂ ਵਿਚ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਤੇ ਹੋਰ ਮੌਜੂਦਾ ਵਿਧਾਇਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਅਤੇ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹਨ।
ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਮੁਕੰਮਲ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਡਾ. ਅਜੈ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ 14026 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ‘ਆਪ’ ਦੀ ਜੀਵਨਜੋਤ ਕੌਰ ਨੇ ਹਲਕਾ ਪੂਰਬੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਨਾਲ ਹਰਾਇਆ ਹੈ। ਇਸ ਹਲਕੇ ਵਿਚ ‘ਆਪ’ ਉਮੀਦਵਾਰ ਕੋਲੋਂ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਪਹਿਲੀ ਵਾਰ ਹਾਰ ਦਾ ਸਵਾਦ ਚੱਖਣਾ ਪਿਆ ਹੈ।
ਹਲਕਾ ਉੱਤਰੀ ਵਿਚ ‘ਆਪ’ ਦੇ ਕੁੰਵਰ ਵਿਜੈ ਪ੍ਰਤਾਪ ਸਿੰਘ (ਸਾਬਕਾ ਆਈਜੀ) ਨੇ ਪਹਿਲੀ ਵਾਰ ਸਿਆਸੀ ਮੈਦਾਨ ਵਿੱਚ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 28318 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਅੰਮ੍ਰਿਤਸਰ ਦੱਖਣੀ ਹਲਕੇ ਵਿਚ ‘ਆਪ’ ਦੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਲਬੀਰ ਸਿੰਘ ਗਿੱਲ ਨੂੰ 27503 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਹਲਕੇ ਵਿਚ ਕਾਂਗਰਸ ਦੇ ਮੌਜੂਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਹਾਰ ਗਏ ਹਨ। ਉਨ੍ਹਾਂ ਦੀ ਵੀ ਇਹ ਪਹਿਲੀ ਹਾਰ ਹੈ। ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ‘ਆਪ’ ਦੇ ਡਾ. ਜਸਬੀਰ ਸਿੰਘ ਸੰਧੂ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੂੰ ਇਕ ਵੱਡੇ ਫਰਕ 43913 ਵੋਟਾਂ ਨਾਲ ਚਿਤ ਕੀਤਾ ਹੈ।
ਜ਼ਿਲ੍ਹੇ ਦੇ ਛੇ ਦਿਹਾਤੀ ਹਲਕਿਆਂ ਵਿੱਚੋਂ ਚਾਰ ਵਿਚ ‘ਆਪ’ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਦੋ ਹਲਕਿਆਂ ਵਿਚੋਂ ਇਕ ’ਤੇ ਕਾਂਗਰਸ ਅਤੇ ਇਕ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਅਜਨਾਲਾ ਵਿਧਾਨ ਸਭਾ ਹਲਕੇ ਵਿਚ ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਨੂੰ 7843 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇੱਥੋ ਮੌਜੂਦਾ ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੀ ਹਾਰ ਗਏ ਹਨ। ਬਾਬਾ ਬਕਾਲਾ ਹਲਕੇ ਵਿਚ ‘ਆਪ’ ਦੇ ਦਲਬੀਰ ਸਿੰਘ ਟੌਂਗ ਨੇ ਕਾਂਗਰਸ ਦੇ ਸੰਤੋਖ ਸਿੰਘ ਭਲਾਈਪੁਰ ਨੂੰ 19552 ਵੋਟਾਂ ਨਾਲ ਹਰਾਇਆ ਹੈ। ਅਟਾਰੀ ਹਲਕੇ ਵਿਚ ‘ਆਪ’ ਦੇ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਨੂੰ 19794 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਜੰਡਿਆਲਾ ਹਲਕੇ ਵਿਚ ‘ਆਪ’ ਦੇ ਹਰਭਜਨ ਸਿੰਘ ਈਟੀਓ ਨੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ 25383 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਮਜੀਠਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਨੇ ਪਾਰਟੀ ਦੀ ਜਿੱਤ ਦੇ ਸਿਲਸਿਲੇ ਨੂੰ ਬਰਕਰਾਰ ਰੱਖਿਆ। ਉਨ੍ਹਾਂ ‘ਆਪ’ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ 26062 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਰਾਜਾਸਾਂਸੀ ਹਲਕੇ ਵਿੱਚ ਕਾਂਗਰਸ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ ਨੂੰ 5474 ਵੋਟਾਂ ਨਾਲ ਹਰਾਇਆ ਹੈ। ਇਸ ਹਲਕੇ ਵਿਚ ‘ਆਪ’ ਪੱਛੜ ਗਈ ਹੈ ਅਤੇ ਦੂਜਾ ਸਥਾਨ ਵੀ ਨਹੀਂ ਮਿਲਿਆ।
ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜ਼ਿਲ੍ਹੇ ਦੇ ਦਸ ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਸ ਵਾਰ ਸਿਰਫ ਇਕ ਹਲਕੇ ਵਿੱਚ ਜਿੱਤ ਮਿਲੀ ਹੈ। ਇਸ ਵਾਰ ਕਾਂਗਰਸ ਦੀ ਜ਼ਿਲ੍ਹੇ ਵਿਚ ਵੱਡੀ ਹਾਰ ਹੋਈ ਹੈ।
ਮਾਝੇ ਦੀਆਂ 25 ’ਚੋਂ 16 ਸੀਟਾਂ ਉੱਤੇ ‘ਆਪ’ ਕਾਬਜ਼
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ ਦੇ ਵਧਦੇ ਪ੍ਰਭਾਵ ਤੋਂ ਇਸ ਵਾਰ ਮਾਝਾ ਖੇਤਰ ਵੀ ਵਾਂਝਾ ਨਹੀਂ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਮਾਝਾ ਖੇਤਰ ਵਿਚ ‘ਆਪ’ ਖਾਤਾ ਖੋਲ੍ਹਣ ਤੋਂ ਵੀ ਅਸਮਰੱਥ ਰਹੀ ਸੀ, ਉੱਥੇ ਹੀ ਇਸ ਵਾਰ ਮਾਝੇ ਦੀਆਂ 25 ਸੀਟਾਂ ਵਿੱਚੋਂ 16 ਸੀਟਾਂ ਜਿੱਤ ਕੇ ‘ਆਪ’ ਨੇ ਕਮਾਲ ਕਰ ਕੇ ਦਿਖਾਇਆ ਹੈ। ਇਸ ਖਿੱਤੇ ਦੇ ਚਾਰ ਜ਼ਿਲ੍ਹਿਆਂ ਵਿੱਚ ‘ਆਪ’ ਨੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਟਕਣੀ ਦਿੱਤੀ ਹੈ। ਮਾਝਾ ਖੇਤਰ ਵਿਚ ਚਾਰ ਸਰਹੱਦੀ ਜ਼ਿਲ੍ਹ ਆਉਂਦੇ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਸ਼ਾਮਲ ਹਨ, ਜਿੱਥੇ ਕ੍ਰਮਵਾਰ 11, 7, 4 ਅਤੇ 3 ਵਿਧਾਨ ਸਭਾ ਹਲਕੇ ਮਤਲਬ ਕੁੱਲ 25 ਵਿਧਾਨ ਸਭਾ ਹਲਕੇ ਸ਼ਾਮਲ ਹਨ। ‘ਆਪ’ ਨੇ ਇਸ ਵਾਰ ਪਹਿਲੀ ਵਾਰ ਖਾਤਾ ਖੋਲ੍ਹਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ 11 ਹਲਕਿਆਂ ਵਿੱਚੋਂ ਨੌਂ, ਗੁਰਦਾਸਪੁਰ ਦੇ ਸੱਤ ’ਚੋਂ ਪੰਜ, ਤਰਨ ਤਾਰਨ ਦੇ ਚਾਰ ਦੇ ਚਾਰ ਅਤੇ ਪਠਾਨਕੋਟ ਦੇ ਤਿੰਨ ਹਲਕਿਆਂ ਵਿੱਚੋਂ ਇਕ ਹਲਕੇ ਵਿਚ ਜਿੱਤ ਦਰਜ ਕੀਤੀ ਹੈ। ਇਸ ਢੰਗ ਨਾਲ ‘ਆਪ’ ਨੇ ਮਾਝੇ ਦੇ ਚਾਰੋਂ ਜ਼ਿਲ੍ਹਿਆਂ ਵਿੱਚ ਆਪਣਾ ਖਾਤਾ ਖੋਲ੍ਹਿਆ ਹੈ ਪਰ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਵਧੇਰੇ ਪ੍ਰਭਾਵਸ਼ਾਲੀ ਜਿੱਤ ਹਾਸਲ ਕੀਤੀ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ ਕਾਂਗਰਸ ਦੀ ਸਥਿਤੀ ਕੁਝ ਠੀਕ ਰਹੀ ਹੈ। ਕਾਂਗਰਸ ਨੇ ਜ਼ਿਲ੍ਹੇ ਦੀਆਂ ਸੱਤ ਸੀਟਾਂ ਵਿੱਚੋਂ ਪੰਜ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਥੇ ਕਾਂਗਰਸ ਦੇ ਕਈ ਧੁਰੰਦਰ ਆਪਣੀ ਸਾਖ ਬਚਾਉਣ ਵਿਚ ਸਫਲ ਰਹੇ ਹਨ, ਜਿਨ੍ਹਾਂ ਵਿਚ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ ਜਦੋਂਕਿ ਅੰਮ੍ਰਿਤਸਰ ਵਿਚ ਕਾਂਗਰਸ ਦੇ ਉਪ ਮੁਖ ਮੰਤਰੀ ਓਪੀ ਸੋਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਬੁਰੀ ਤਰ੍ਹਾਂ ਹਾਰੇ ਹਨ।