ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 30 ਜੂਨ
ਡਿਊਟੀ ਮੈਜਿਸਟਰੇਟ ਅਰਚਨਾ ਸ਼ਰਮਾ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਅਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਅਸਟੇਟ ਵਿਭਾਗ, ਐੱਮ.ਟੀ.ਪੀ ਵਿਭਾਗ, ਨਗਰ ਨਿਗਮ ਪੁਲੀਸ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਵਾਰਡ ਨੰ 46 ਵਿੱਚ ਸਾਂਝੀ ਕਾਰਵਾਈ ਕਰਦਿਆਂ ਅਜੀਤ ਨਗਰ ਸੁਲਤਾਨਵਿੰਡ ਗੇਟ ਦੀਆਂ ਗਲੀਆਂ ਵਿੱਚ ਗੈਰਕਾਨੂੰਨੀ ਢੰਗ ਨਾਲ ਸਰਕਾਰੀ ਸੜਕਾਂ ਉਤੇ ਲੱਗੇ 6 ਲੋਹੇ ਦੇ ਗੇਟਾਂ ਨੂੰ ਹਟਾਇਆ ਗਿਆ। ਸੰਯੁਕਤ ਕਮਿਸ਼ਨਰ ਨੇ ਜਾਰੀ ਬਿਆਨ ’ਚ ਦੱਸਿਆ ਹੈ ਕਿ ਇਨ੍ਹਾਂ ਗੇਟਾਂ ਕਾਰਨ ਮੁਹੱਲੇ ਦੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਕਾਰਵਾਈ ਤਕਰੀਬਨ 2 ਘੰਟੇ ਚੱਲੀ।
ਇਸੇ ਦੌਰਾਨ ਸੰਯੁਕਤ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਜ਼ਮੀਨਾਂ/ਫੁੱਟਪਾਥਾਂ/ ਦੁਕਾਨਾਂ ਦੇ ਬਾਹਰ ਤੇ ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਾਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ, ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।