ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਜਨਵਰੀ
ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਇੱਥੇ ਮਾਹਲ ਪਿੰਡ ਵਿੱਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਮਗਰੋਂ ਲਾਸ਼ ਦੇ ਟੋਟੇ ਕਰਕੇ ਨਾਲੇ ਵਿੱਚ ਸੁੱਟ ਦਿੱਤੇ ਗਏ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਜਗੀਰ ਸਿੰਘ ਵਾਸੀ ਪਿੰਡ ਜਬੋਵਾਲ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇਕ ਵਿਅਕਤੀ ਸੁਖਵਿੰਦਰ ਸਿੰਘ ਵਾਸੀ ਪਿੰਡ ਮਾਹਲ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਸ ਮਾਮਲੇ ਵਿੱਚ ਫਿਲਹਾਲ ਹੋਰ ਵਿਅਕਤੀ ਫਰਾਰ ਹਨ।
ਮ੍ਰਿਤਕ ਦੇ ਬੇਟੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗੀਰ ਸਿੰਘ ਰੇਲਵੇ ਵਿਭਾਗ ਵਿੱਚੋਂ ਸੇਵਾ ਮੁਕਤ ਸਨ। ਲਗਪਗ 15 ਸਾਲ ਪਹਿਲਾਂ ਸੁਖਵਿੰਦਰ ਸਿੰਘ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ, ਜੋ ਰੇਲਵੇ ਵਿਭਾਗ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਸ ਦੇ ਔਖੇ ਵੇਲੇ ਕਈ ਵਾਰ ਜਗੀਰ ਸਿੰਘ ਨੇ ਉਸ ਦੀ ਮਾਇਕ ਮਦਦ ਵੀ ਕੀਤੀ। ਹੁਣ ਵੀ ਕਰੋਨਾ ਕਾਲ ਵੇਲੇ ਤਾਲਾਬੰਦੀ ਦੌਰਾਨ ਸੁਖਵਿੰਦਰ ਸਿੰਘ ਨੇ ਉਸ ਦੇ ਪਿਤਾ ਕੋਲੋਂ 20 ਹਜ਼ਾਰ ਰੁਪਏ ਉਧਾਰ ਲਏ ਸਨ ਪਰ ਉਹ ਉਧਾਰ ਲਏ ਪੈਸੇ ਵਾਪਸ ਨਹੀਂ ਦੇ ਰਿਹਾ ਸੀ। ਉਸ ਨੇ ਦੱਸਿਆ ਕਿ 21 ਜਨਵਰੀ ਨੂੰ ਸੁਖਵਿੰਦਰ ਨੇ ਪਿੰਡ ਮਾਹਲ ’ਚ ਪੈਸੇ ਵਾਪਸ ਮੋੜਨ ਲਈ ਜਗੀਰ ਸਿੰਘ ਨੂੰ ਸੱਦਿਆ ਸੀ ਪਰ ਇਸ ਤੋਂ ਬਾਅਦ ਉਸ ਦੇ ਪਿਤਾ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ ਅਤੇ ਉਨ੍ਹਾਂ ਬਾਰੇ ਕੁਝ ਵੀ ਅਤਾ ਪਤਾ ਨਹੀਂ ਸੀ। ਸੁਖਵਿੰਦਰ ਵੀ ਘਰੋਂ ਗਾਇਬ ਸੀ। ਥਾਣਾ ਕੰਬੋਅ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੁੱਛਗਿਛ ਦੌਰਾਨ ਉਸ ਨੇ ਮੰਨਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਜਗੀਰ ਸਿੰਘ ਦਾ ਕਤਲ ਕੀਤਾ। ਪਹਿਲਾਂ ਉਸ ਨੂੰ ਗਲਾ ਘੁੱਟ ਕੇ ਮਾਰਿਆ ਅਤੇ ਮਗਰੋ ਲਾਸ਼ ਦੇ ਟੋਟੇ ਕਰਕੇ ਨਾਲੇ ਵਿੱਚ ਸੁੱਟ ਦਿੱਤੇ।